ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ ਭਾਜਪਾ ਤੇ ਭਾਜਪਾ ਦੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸ ਦੌਰਾਨ ਅਨੀਤਾ ਸੋਮ ਪ੍ਰਕਾਸ਼ ਦੇ ਚੋਣ ਦਫ਼ਤਰ ਦੇ ਘਿਰਾਓ ਦੇ ਉਲੀਕੇ ਗਏ ਪ੍ਰੋਗਰਾਮ ਲਈ ਜਦੋਂ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਜ਼ਿਲ੍ਹਾਂ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿਚ ਅੱਗੇ ਵਧੇ ਤਾਂ ਪੁਲਿਸ ਨੇ ਰੋਕ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ।ਇਸ ਦੌਰਾਨ ਕਿਸਾਨਾਂ ਨੇ ਉਸੇ ਸਥਾਨ ’ਤੇ ਧਰਨਾ ਲਗਾ ਕੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਭਾਜਪਾ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਭੁੱਲਾ ਨੇ ਆਖਿਆ ਕਿ ਉਹ ਸੂਬਾਈ ਆਗੂਆਂ ਦੇ ਸੱਦੇ ਤੇ ਅਨੀਤਾ ਸੋਮ ਪ੍ਰਕਾਸ਼ ਨੂੰ ਕਿਸਾਨੀ ਮਸਲਿਆਂ ਨੂੰ ਲੈ ਕੇ ਸਵਾਲ ਪੁੱਛਣ ਆਏ ਸਨ, ਪਰੰਤੂ ਉਨ੍ਹਾਂ ਨੂੰ ਰੋਕ ਲਿਆ ਗਿਆ। ਉਨ੍ਹਾਂ ਆਖਿਆ ਕਿ ਕਿਸਾਨਾਂ ਦੇ ਰਾਹਾਂ ’ਤੇ ਕਿੱਲ ਗੱਡਣ ਵਾਲੀ ਭਾਜਪਾ ਸਰਕਾਰ ਨੂੰ ਸੁਭਕਰਨ ਦੇ ਲਈ ਇਨਸਾਫ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਕਰਜ਼ਾ ਮਾਫੀ, ਐੱਮਐੱਸਪੀ ਦੀ ਗਰੰਟੀ, ਬਿਜਲੀ ਸੋਧ ਬਿੱਲ ਆਦਿ ਕਿਸਾਨੀ ਮੰਗਾਂ ਨੂੰ ਲੈ ਕੇ ਅਵਾਜ਼ ਬੁਲੰਦ ਕਰਨ ਤੇ ਆਪਣੇ ਸਵਾਲ ਕਰਨ ਆਏ ਸਨ। ਉਨ੍ਹਾਂ ਆਖਿਆ ਕਿ ਭਾਜਪਾ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ਼ ਦੇਸ਼ ਦਾ ਕਿਸਾਨ ਮਜ਼ਦੂਰ ਵਰਗ ਲਾਮਬੰਦ ਹੋ ਚੁੱਕਾ ਹੈ।