ਲੋਕ ਸਭਾ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੀ ਸ਼ੁਰੂਆਤ ਚਾਹੇ ਆਮ ਚੋਣਾਂ ’ਚ ਮੋਦੀ ਸਰਕਾਰ ਦੀ ਲਗਾਤਾਰ ਤੀਜੀ ਜਿੱਤ ਨੂੰ ਉਸ ਦੀਆਂ ਨੀਤੀਆਂ ਪ੍ਰਤੀ ਜਨਤਾ ਦੇ ਵਿਸ਼ਵਾਸ ਦੇ ਦਾਅਵੇ ਨਾਲ ਕੀਤੀ, ਪਰ ਉਨ੍ਹਾਂ ਦੇ ਬਜਟ ਐਲਾਨਾਂ ’ਚ ਇਸ ਜਿੱਤ ਦਾ ਬਹੁਤਾ ਉਤਸ਼ਾਹ ਦਿਖਾਈ ਨਹੀਂ ਦਿੱਤਾ। ਐੱਨਡੀਏ ਸਰਕਾਰ ਦੇ ਦੋ ਮੁੱਖ ਸਿਆਸੀ ਪਹੀਏ ਜੇਡੀਯੂ ਤੇ ਤੇਲੁਗੂ ਦੇਸਮ ਨੂੰ ਖ਼ੁਸ਼ ਕਰਨ ਲਈ ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਕੁਝ ਤੋਹਫ਼ਿਆਂ ਦੇ ਐਲਾਨਾਂ ਤੋਂ ਇਲਾਵਾ ਸਦਨ ’ਚ ਸਿਆਸੀ ਸਰਗਰਮੀ ਵਧਾਉਣ ਦਾ ਕੋਈ ਮੌਕਾ ਵਿੱਤ ਮੰਤਰੀ ਨੇ ਵਿਰੋਧੀ ਧਿਰ ਨੂੰ ਤਾਂ ਕੀ ਸੱਤਾਧਾਰੀ ਧਿਰ ਨੂੰ ਵੀ ਨਹੀਂ ਦਿੱਤਾ।ਸਰਕਾਰੀ ਯੋਜਨਾਵਾਂ ਨਾਲ ਜੁੜੇ ਕੁਝ ਬਜਟ ਦੇ ਐਲਾਨਾਂ ਸਬੰਧੀ ਵਿੱਤ ਮੰਤਰੀ ਨੇ ਸੱਤਾ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਮੇਜ਼ ਥਪਥਪਾਉਣ ਦੀ ਰਸਮ ਦੀ ਗੂੰਜ ਕਈ ਵਾਰ ਆਪਣੇ ਖਾਤੇ ਵਿਚ ਦਰਜ ਕਰਵਾਈ, ਪਰ ਇਹ ਵੀ ਉਸ ਹੱਦ ਤੱਕ ਨਾ ਪੁੱਜੀ ਕਿ ਐੱਨਡੀਏ ਮੈਂਬਰ ਉਤਸ਼ਾਹ ਦਾ ਇਜ਼ਹਾਰ ਕਰਨ ਲਈ ਕਾਹਲੇ ਪੈ ਜਾਣ।
ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ 11ਵੇਂ ਬਜਟ ਦੇ ਨਾਲ ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ। ਟੇਬਲੈਟ ’ਤੇ ਅੰਗਰੇਜ਼ੀ ’ਚ 85 ਮਿੰਟ ਦੇ ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੂੰ ਇਕ ਮਿੰਟ ਲਈ ਵੀ ਕਿਸੇ ਤਰ੍ਹਾਂ ਦੇ ਅੜਿੱਕੇ ਦਾ ਸਾਹਮਣਾ ਨਹੀਂ ਕਰਨਾ ਪਿਆ ਜਦਕਿ ਆਮ ਚੋਣਾਂ ’ਚ ਗਿਣਤੀ ਦੇ ਦਮ ਦੇ ਨਾਲ ਮਜ਼ਬੂਤ ਹੋ ਕੇ ਸਾਹਮਣੇ ਆਈ ਵਿਰੋਧੀ ਧਿਰ ਆਪਣੀ ਪੂਰੀ ਸਮਰੱਥਾ ਨਾਲ ਸਦਨ ’ਚ ਮੌਜੂਦ ਸੀ। ਬਿਹਾਰ ਤੇ ਆਂਧਰਾ ਪ੍ਰਦੇਸ਼ ਲਈ ਵਿੱਤ ਮੰਤਰੀ ਨੇ ਜਦ ਐਲਾਨ ਸ਼ੁਰੂ ਕੀਤੇ ਤਾਂ ਸਦਨ ’ਚ ਵਿਰੋਧੀ ਬੈਂਚਾਂ ਵੱਲੋਂ ਕੁਝ ਤਨਜ਼-ਤੀਰ ਚਲਾਉਂਦੇ ਹੋਏ ਟੋਕਾ-ਟਾਕੀ ਕੀਤੀ ਗਈ ਜਿਸ ’ਚ ਕਿਹਾ ਗਿਆ ਕਿ ਜੇਡੀਯੂ ਤੇ ਟੀਡੀਪੀ ਦੇ ਸਮਰਥਨ ਦੀ ਕੀਮਤ ਚੁਕਾਈ ਗਈ ਹੈ। ਬੰਗਾਲ ਤੋਂ ਤ੍ਰਿਣਮੂਲ ਕਾਂਗਰਸ, ਮਹਾਰਾਸ਼ਟਰ ਦੇ ਮਹਾਵਿਕਾਸ ਆਘਾੜੀ ਤੋਂ ਲੈ ਕੇ ਪੰਜਾਬ ਦੇ ਕੁਝ ਕਾਂਗਰਸੀ ਸੰਸਦ ਮੈਂਬਰਾਂ ਨੇ ਇਸ ’ਤੇ ਆਪਣੇ ਸੂਬਿਆਂ ਦੀ ਅਣਦੇਖੀ ਦੇ ਸਵਾਲ ਉਠਾਉਂਦੇ ਹੋਏ ਤਾਅਨੇ ਮਾਰੇ।
ਉਥੇ ਦਰਮੁਕ ਆਗੂ ਦਯਾਨਿਧੀ ਮਾਰਨ ਨੇ ਤਾਮਿਲਨਾਡੂ ਨਾਲ ਬੇਇਨਸਾਫ਼ੀ ਦਾ ਦਾਅਵਾ ਕਰਦੇ ਹੋਏ ਹਮਲਾਵਰ ਤੇਵਰਾਂ ਦੇ ਨਾਲ ਵਿੱਤ ਮੰਤਰੀ ’ਤੇ ਦੋਸ਼ਾਂ ਦੇ ਤੀਰ ਚਲਾਏ। ਆਂਧਰਾ ਪ੍ਰਦੇਸ਼ ਨੂੰ ਨਵੀਂ ਰਾਜਧਾਨੀ ਬਣਾਉਣ ਲਈ 15,000 ਕਰੋੜ ਰੁਪਏ ਦੇਣ ਦੇ ਐਲਾਨ ’ਤੇ ਪ੍ਰਤੀਕਿਰਿਆ ਸਭ ਤੋਂ ਵੱਧ ਹੋਈ ਤੇ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਇਸ ਨੂੰ ‘ਸਰਕਾਰ ਬਚਾਓ, ਖ਼ਜ਼ਾਨਾ ਖ਼ਾਲੀ ਕਰੋ’ ਯੋਜਨਾ ਦੱਸਣ ਤੋਂ ਗੁਰੇਜ਼ ਨਹੀਂ ਕੀਤਾ। ਵਿੱਤ ਮੰਤਰੀ ਨੇ ਜਦ ਸਿੱਖਿਆ ਕਰਜ਼ੇ ਨਾਲ ਜੁੜੀ ਯੋਜਨਾ ਦਾ ਐਲਾਨ ਕੀਤਾ ਤਾਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਚੰਗਾ ਹੈ ਤੁਸੀਂ ਬੰਗਾਲ ਮਾਡਲ ਦੀ ਨਕਲ ਨਹੀਂ ਕਰ ਰਹੇ। ਭਾਜਪਾ ਸੰਸਦ ਮੈਂਬਰਾਂ ਨੇ ਜਵਾਬੀ ਰੌਲ਼ੇ ਨਾਲ ਇਸ ਦਾ ਜਵਾਬ ਦਿੱਤਾ।
ਬਜਟ ਦੌਰਾਨ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੋਵੇਂ ਇਸ ਹਲਕੀ-ਫੁਲਕੀ ਗਹਿਮਾ-ਗਹਿਮੀ ਦੇ ਘੇਰੇ ’ਚੋਂ ਬਾਹਰ ਨਿਕਲਣ ਦੇ ਨਾ ਇੱਛਕ ਦਿਸੇ ਤੇ ਨਾ ਹੀ ਅਜਿਹਾ ਕੋਈ ਮੌਕਾ ਆਇਆ। ਭਾਜਪਾ ਸੰਸਦ ਮੈਂਬਰਾਂ ਨੇ ਬਜਟ ਪੇਸ਼ ਹੋਣ ਤੋਂ ਠੀਕ ਪਹਿਲਾਂ ਸਦਨ ’ਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੜ੍ਹੇ ਹੋ ਕੇ ਸਵਾਗਤ ਕਰਨ ਦੌਰਾਨ ਭਾਰਤ ਮਾਤਾ ਦੀ ਜੈ ਦੇ ਨਾਅਰੇ ਕੁਝ ਸਮੇਂ ਤੱਕ ਲਾਉਂਦੇ ਹੋਏ ਸਿਆਸੀ ਗਹਿਮਾ ਗਹਿਮੀ ਲਈ ਤਿਆਰ ਰਹਿਣ ਦਾ ਸੰਕੇਤ ਦਿੱਤਾ। ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਿਹ ਮੰਤਰੀ ਅਮਿਤ ਸ਼ਾਹ ਤੇ ਸੜਕ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਪਹਿਲੀ ਕਤਾਰ ਦੇ ਪਹਿਲੇ ਬੈਂਚ ਤੋਂ ਹਰ ਬਜਟ ਐਲਾਨ ’ਤੇ ਆਪਣੀ ਸਕਾਰਾਤਮਕ ਪ੍ਰਤੀਕਿਰਿਆ ਦਿੰਦੇ ਦਿਸੇ। ਨਿਰਮਲਾ ਸੀਤਾਰਮਨ ਪਹਿਲੀ ਕਤਾਰ ’ਚ ਹੀ ਦੂਜੀ ਬੈਂਚ ਤੋਂ ਆਪਣਾ ਬਜਟ ਭਾਸ਼ਣ ਪੜ੍ਹ ਰਹੇ ਸਨ ਤੇ ਸਿਹਤ ਮੰਤਰੀ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਉਨ੍ਹਾਂ ਦੇ ਨੇੜੇ ਬੈਠੇ ਸਨ। ਵਿਰੋਧੀ ਬੈਂਚ ਦੀ ਅਗਵਾਈ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਕਰ ਰਹੇ ਸਨ ਜੋ ਗੰਭੀਰਤਾ ਨਾਲ ਬਜਟ ਭਾਸ਼ਣ ਸੁਨਣ ਦੇ ਨਾਲ ਵਿਚਾਲੇ ਕਾਂਗਰਸ ਦੇ ਉੱਪ ਨੇਤਾ ਗੌਰਵ ਗੋਗੋਈ ਨਾਲ ਸੰਖੇਪ ਚਰਚਾ ਕਰਦੇ ਵੀ ਨਜ਼ਰ ਆਏ।
ਸਪਾ ਮੁਖੀ ਅਖਿਲੇਸ਼ ਯਾਦਵ ਤੇ ਦਰਮੁਕ ਆਗੂ ਟੀਆਰ ਬਾਲੂ ਨੇ ਰਾਹੁਲ ਗਾਂਧੀ ਦੇ ਨਾਲ ਪਹਿਲੀ ਕਤਾਰ ਵਿਚ ਵਿਰੋਧੀ ਧਿਰ ਦੇ ਬੈਂਚ ਦਾ ਮੋਰਚਾ ਸੰਭਾਲਿਆ ਹੋਇਆ ਸੀ। ਉਥੇ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਤੇ ਸੌਗਾਤ ਰਾਏ ਪਹਿਲੀ ਕਤਾਰ ਵਿਚ ਬੈਠੇ ਹੋਣ ਦੇ ਬਾਵਜੂਦ ਦੂਜੇ ਦਿਨਾਂ ਦੇ ਮੁਕਾਬਲੇ ਕੁਝ ਸ਼ਾਂਤ ਨਜ਼ਰ ਆਏ। ਬਜਟ ਭਾਸ਼ਣ ਖ਼ਤਮ ਹੋਣ ਤੇ ਸਦਨ ’ਚ ਵਿੱਤ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਰਕਾਰ ਦੇ ਕਈ ਮੰਤਰੀਆਂ ਨੇ ਸੀਤਾਰਮਨ ਨੂੰ ਬਜਟ ਪੇਸ਼ ਕਰਨ ਲਈ ਵਧਾਈ ਦਿੱਤੀ ਤੇ ਵਿਰੋਧੀ ਸੰਸਦ ਮੈਂਬਰ ਅਗਲੇ ਦਿਨ ਬਜਟ ਚਰਚਾ ਦੌਰਾਨ ਇਨ੍ਹਾਂ ਐਲਾਨਾਂ ਨੂੰ ਹਕੀਕਤ ਦੀ ਕਸੌਟੀ ’ਤੇ ਕੱਸਣ ਦਾ ਸੁਨੇਹਾ ਦਿੰਦੇ ਹੋਏ ਬਾਹਰ ਨਿਕਲੇ।
The Budget Did Not Even Give The Opposition A Chance To Obstruct Mps Raised Questions On The Neglect Of Their States
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)