ਪੰਜਾਬੀ ਯੂਨੀਵਰਸਿਟੀ ਵਿਚ ਧਰਨੇ ਪ੍ਰਦਰਸ਼ਨਾਂ ਦੇ ਚੱਲ ਰਹੇ ਸਿਲਸਿਲੇ ਦੌਰਾਨ ਉਚੇਰੀ ਸਿੱਖਿਆ ਸਕੱਤਰ ਕਮ ਵਾਇਸ ਚਾਂਸਲਰ ਨੇ ਧਰਨੇ ਦੇ ਕੇ ਰਾਹ ਰੋਕਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦਾ ਹੁਕਮ ਦਿੱਤਾ ਹੈ। ਇਸਦੇ ਨਾਲ ਹੀ ਕੰਮ ਛੱਡ ਕੇ ਹੜਤਾਲ ਕਰਨ ਵਾਲੇ ਕਰਮਚਾਰੀਆਂ ’ਤੇ ‘ਨੋ ਵਰਕ, ਨੋ ਪੇਅ’ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਰਜਕਾਰੀ ਵੀ.ਸੀ ਕੇ.ਕੇ ਯਾਦਵ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਦੇਖਣ ਵਿਚ ਆਇਆ ਹੈ ਕਿ ਯੂਨੀਵਰਸਿਟੀ ਦੇ ਕਈ ਕਰਮਚਾਰੀਆਂ ਵੱਲੋਂ ਛੋਟੇ ਛੋਟੇ ਮੁੱਦਿਆਂ ਨੂੰ ਲੈ ਕੇ ਆਪਣਾ ਕੰਮ ਛੱਡ ਕੇ ਧਰਨਾ ਜਾਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਯੂਨੀਵਰਸਿਟੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ।
ਇਸ ਲਈ ਯੂਨੀਵਰਸਿਟੀ ਦੇ ਸਮੂਹ ਕੰਟਰੋਲਿੰਗ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਯੂਨੀਵਰਸਿਟੀ ਵਿਚ ਤੁਰੰਤ ‘ਨੋ ਵਰਕ ਨੋ ਪੇਅ’ ਲਾਗੂ ਕੀਤਾ ਜਾਵੇ। ਕੇ.ਕੇ ਯਾਦਵ ਨੇ ਕਿਹਾ ਕਿ ਇਹ ਵੀ ਵੇਖਣ ਵਿਚ ਆਇਆ ਹੈ ਕਿ ਕਈ ਵਾਰ ਧਰਨਾ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਵੱਲੋਂ ’ਵਰਸਿਟੀ ਦੀ ਕਿਸੇ ਇਮਾਰਤ ਵਿਚ ਦਾਖਲ ਹੋਣ ਦਾ ਰਾਹ ਰੋਕ ਲਿਆ ਜਾਂਦਾ ਹੈ। ਜਿਸ ਨਾਲ ਯੂਨੀਵਰਸਿਟੀ ਦੇ ਕੰਮ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਸੁਰੱਖਿਆ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਕਰਮਚਾਰੀਆਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਲਈ ਸਬੰਧਤ ਐੱਸਐੱਚਓ ਨੂੰ ਰਿਪੋਰਟ ਦਰਜ ਕਰਵਾਈ ਜਾਵੇ।
ਪੰਜਾਬੀ ’ਵਰਸਿਟੀ ਗੈਰ ਅਧਿਆਪਨ ਕਰਮਚਾਰੀ ਸੰਘ ਅ ਅਤੇ ੲ ਦੇ ਸੱਦੇ ਉੱਤੇ ਮੁਲਾਜ਼ਮਾਂ ਨੇ ਮੁੱਖ ਵਿਭਾਗ ਅਮਲਾ ਸ਼ਾਖਾ ਤੇ ਪ੍ਰੀਖਿਆ ਸ਼ਾਖਾ ਦੇ ਕੰਮਕਾਜ ਨੂੰ ਬੰਦ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖਾਹ ਲਈ, ਬਕਾਇਆ ਰਾਸ਼ੀ, ਸਕੱਤਰੇਤ ਪੇਅ ਲਾਗੂ ਕਰਨ ਅਤੇ ਕਰਮਚਾਰੀਆਂ ਦੇ ਹੋਰ ਮਸਲਿਆਂ ਸਬੰਧੀ ਰਜਿਸਟਰਾਰ ਦਫ਼ਤਰ ਅੱਗੇ ਧਰਨਾ ਲਾਇਆ ਹੋਇਆ ਹੈ।
ਅੱਜ ਦੇ ਧਰਨੇ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਕਰ ਦਿੱਤੀ ਗਈ ਪਰੰਤੂ ਸੰਘ ਦੀਆਂ ਹੋਰ ਮੰਗਾਂ ਸਬੰਧੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਕੌਰ, ਸਕੱਤਰ ਗੁਰਪ੍ਰੀਤ ਸਿੰਘ ਸਹਾਇਕ ਸਕੱਤਰ ਤੇਜਿੰਦਰ ਸਿੰਘ, ਖਜਾਨਚੀ ਨਵਦੀਪ ਸਿੰਘ ਪ੍ਰਚਾਰ ਸਕੱਤਰ ਉਂਕਾਰ ਸਿੰਘ, ਮੈਂਬਰ ਸੰਦੀਪ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੀ ਰਜਿਸ਼ਟਰਾਰ ਦਫ਼ਤਰ ਦੀ ਬਿਲਡਿੰਗ ਨੂੰ ਧਰਨੇ ਮੁਜ਼ਾਹਰਿਆਂ ਦਾ ਕੇਂਦਰ ਬਣਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਗੈਰ ਅਧਿਆਪਨ ਅਮਲੇ ਦੀਆਂ ਮੁੱਖ ਸੀਟਾਂ ਤੇ ਅਧਿਆਪਕ ਵਰਗ ਵਲੋਂ ਕੀਤੇ ਨਜਾਇਜ਼ ਕੰਮਾਂ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਅੱਜ ਦੇ ਧਰਨੇ ਦੌਰਾਨ ਕਰਮਚਾਰੀ ਸੰਘ ਵਲੋਂ ਰੈਗੂਲਰ ਵਾਇਸ ਚਾਂਸਲਰ ਦੀ ਨਿਯੁਕਤੀ ਦੀ ਮੰਗ ਕੀਤੀ। ਕਰਮਚਾਰੀ ਸੰਘ ਵਲੋਂ ਐਲਾਨ ਕੀਤਾ ਗਿਆ ਕਿ ਬਣਦੇ ਬਕਾਏ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸਕੱਤਰੇਤ ਪੇਅ ਲਾਗੂ ਕਰਨ ਤੱਕ ਧਰਨਾ ਨਿਰੰਤਰ ਜਾਰੀ ਰਹੇਗਾ।
There Will Be Leaflets On Those Blocking The Way By Protesting In Punjabi University
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)