ਸੰਯੁਕਤ ਕਿਸਾਨ ਮੋਰਚਾ ਨੇ ਝੋਨੇ ਦੇ ਸੀਜ਼ਨ ਦੌਰਾਨ ਹੁਕਮਰਾਨ ਧਿਰ ਦੇ ਵਿਧਾਇਕਾਂ, ਮੰਤਰੀਆਂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਕਾਲੇ ਝੰਡੇ ਦਿਖਾਉਣ ਅਤੇ 18 ਅਕਤੂਬਰ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸੀ ਤਰ੍ਹਾਂ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਆੜਤੀ ਆਪਣੀਆਂ ਦੁਕਾਨਾਂ ’ਤੇ ਕਾਲੀਆਂ ਝੰਡੀਆਂ ਲਗਾਉਣਗੇ।ਸੰਯੁਕਤ ਕਿਸਾਨ ਮੋਰਚਾ ਦੀ ਸੌਮਵਾਰ ਨੂੰ ਇਕ ਮੀਟਿੰਗ ਕਿਸਾਨ ਭਵਨ ਵਿਖੇ ਹੋਈ। ਮੀਟਿੰਗ ਵਿਚ ਸੂਬੇ ਦੀਆਂ ਵੱਖ-ਵੱਖ ਆੜਤੀਆਂ ਐਸੋਸੀਏਸ਼ਨਾਂ, ਸ਼ੈਲਰ ਐਸੋਸੀਏਸ਼ਨਾਂ, ਮੰਡੀ ਮਜ਼ਦੂਰ ਯੂਨੀਅਨ, ਵਪਾਰ ਮੰਡਲ ਅਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਹੋਏ। ਝੋਨੇ ਦੀ ਖਰੀਦ ਤੇ ਲਿਫਟਿੰਗ ਅਤੇ ਚੌਲਾਂ ਨਾਲ ਭਰੇ ਗੁਦਾਮਾਂ ਦੇ ਮੁੱਦੇ ’ਤੇ ਕਰੀਬ ਤਿੰਨ ਘੰਟੇ ਮੰਥਨ ਕੀਤਾ ਗਿਆ।
ਦੱਸਿਆ ਜਾਂਦਾ ਹੈ ਕਿ ਝੋਨੇ ਦੀ ਨਵੀਂ ਪੀ ਆਰ 126 ਕਿਸਮ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਸ਼ੈਲਰ ਐਸੋਸੀਏਸ਼ਨ ਦੇ ਆਗੂਆਂ ਦੇ ਅਲੱਗ ਅਲੱਗ ਵਿਚਾਰ ਸਾਹਮਣੇ ਆਏ। ਜਿੱਥੇ ਕਿਸਾਨ ਆਗੂ ਅਨਾਜ਼ ਦਾ ਇਕ-ਇਕ ਦਾਣਾ ਚੁਕਾਉਣ ਤੇ ਵੇਚਣ ਲਈ ਬਜਿੱਦ ਹਨ, ਉਥੇ ਸ਼ੈਲਰ ਮਾਲਿਕਾਂ ਨੇ ਪੀ ਆਰ 126 ਕਿਸਮ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੀ.ਆਰ 126 ਨਾਲ ਚੌਲਾਂ ਦੀ ਛਟਾਈ ਦੌਰਾਨ ਟੁੱਟ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਕੇਂਦਰ ਸਰਕਾਰ ਚੌਲ ਚੁੱਕਣ ਵਿਚ ਆਨਾਕਾਨੀ ਕਰਦੀ ਹੈ। ਸੂਤਰ ਦੱਸਦੇ ਹਨ ਕਿ ਕਿਸਾਨ ਆਗੂਆਂ ਨੇ ਸ਼ੈਲਰ ਐਸੋਸੀਏਸ਼ਨ ਦੇ ਆਗੂਆਂ ਨੂੰ ਸਪਸ਼ਟ ਕੀਤਾ ਕਿ ਮੰਡੀਆਂ ਵਿਚ ਪਿਆ ਇਕ ਇਕ ਦਾਣਾ ਚੁੱਕਿਆ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਕਰਕੇ ਹੀ ਸ਼ੈਲਰ ਉਦਯੋਗ ਬਚਿਆ ਹੋਇਆ ਹੈ।
ਕਿਸਾਨ ਆਗੂਆਂ ਨੇ ਆੜ੍ਹਤੀਆਂ ਨੂੰ ਵੀ ਝੋਨੇ ਦੀ ਖਰੀਦ ਨੂੰ ਲੈ ਕੇ ਕੱਟ ਨਾ ਲਾਉਣ ਦੀ ਗੱਲ ਕਹੀ। ਲੰਬੀ ਚਰਚਾ ਬਾਅਦ ਕਿਸਾਨ ਆਗੂਆਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੇ ਝੋਨੇ ਦੇ ਸੀਜਨ ਦੌਰਾਨ ਭਾਰਤ ਤੇ ਪੰਜਾਬ ਸਰਕਾਰ ਖਿਲਾਫ਼ ਇਕਜੁਟ ਹੋ ਕੇ ਚੱਲਣ ’ਤੇ ਸਹਿਮਤੀ ਕਰਦੇ ਹੋਏ ਮਿਲਕੇ ਸੰਘਰਸ਼ ਲੜ੍ਹਨ ਦਾ ਫੈਸਲਾ ਲਿਆ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਬਾਰੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਦੌਰਾਨ ਚਾਰ ਮਹੱਤਵਪੂਰਨ ਫੈਸਲੇ ਲਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇ ਮੰਤਰੀ ਤੇ ਹੁਕਮਰਾਨ ਧਿਰ ਦੇ ਵਿਧਾਇਕ ਅਨਾਜ਼ ਮੰਡੀਆਂ ਦਾ ਦੌਰਾਂ ਕਰਨ ਆਉਣਗੇ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੀ ਤਰ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਹਰੇਕ ਥਾਂ ’ਤੇ ਕਾਲੇ ਝੰਡੇ ਦਿਖਾਏ ਜਾਣਗੇ। ਇਸੀ ਤਰ੍ਹਾਂ 18 ਅਕਤੂਬਰ ਨੂੰ ਕਿਸਾਨਾਂ, ਆੜਤੀਆਂ, ਸ਼ੈਲਰ ਮਾਲਕਾਂ ਤੇ ਮੰਡੀ ਮਜ਼ਦੂਰ ਯੂਨੀਅਨਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ। ਰਾਜੇਵਾਲ ਨੇ ਦੱਸਿਆ ਕਿ ਇਸ ਧਰਨੇ ਵਿਚ ਇਕ ਹਜ਼ਾਰ ਦੇ ਕਰੀਬ ਕਾਰਕੁੰਨ ਸ਼ਾਮਲ ਹੋਣਗੇ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਧਰਨੇ ਦਾ ਸਮਾਂ ਹੋਰ ਵੱਧ ਵੀ ਸਕਦਾ ਹੈ।
Farmers Aarti And Sheller Owners Will Show Black Flags To Aap Ministers Mlas And Ravneet Bittu
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)