ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਚਾਈਨਾ ਡੋਰ ਦੀ ਮੰਗ ਵਧਣ ਲੱਗੀ ਹੈ। ਚਾਈਨਾ ਡੋਰ ਦਾ ਕਾਲਾ ਧੰਦਾ ਕਰਨ ਵਾਲੇ ਲੋਕ ਹੁਣ ਹਰਿਆਣਾ ਅਤੇ ਰਾਜਸਥਾਨ ਤੋਂ ਇਹ ਡੋਰ ਮੰਗਵਾ ਰਹੇ ਹਨ, ਕਿਉਂਕਿ ਇਨ੍ਹਾਂ ਦੋਵਾਂ ਸੂਬਿਆਂ ਵਿੱਚੋਂ ਬੜੀ ਆਸਾਨੀ ਅਤੇ ਸਸਤੇ ਭਾਅ ’ਤੇ ਇਹ ਡੋਰ ਮਿਲਣ ਲੱਗੀ ਹੈ। ਇਸ ਦਾ ਖੁਲਾਸਾ ਸੀਆਈਏ ਸਟਾਫ ਦੀ ਪੁਲਿਸ ਨੇ ਕੀਤਾ ਹੈ, ਜਦੋਂ ਉਨ੍ਹਾਂ ਹਰਿਆਣਾ ਦੀ ਕਾਲਿਆਂਵਾਲੀ ਮੰਡੀ ਤੋਂ ਆ ਰਹੀ ਚਾਈਨਾ ਡੋਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਸੂਤਰਾਂ ਅਨੁਸਾਰ ਚਾਈਨਾ ਡੋਰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਤੋਂ ਸਮਗਲਿੰਗ ਹੋ ਕੇ ਲੁਧਿਆਣਾ ਤੇ ਫਿਰੋਜ਼ਪੁਰ ਰਾਹੀਂ ਪੰਜਾਬ ਅੰਦਰ ਪਹੁੰਚ ਰਹੀ ਸੀ, ਪਰ ਹੁਣ ਇਹ ਖੂਨੀ ਡੋਰ ਹਰਿਆਣਾ ਅਤੇ ਰਾਜਸਥਾਨ ਵਿੱਚ ਵੱਡੀ ਪੱਧਰ ’ਤੇ ਤਿਆਰ ਹੋਣ ਲੱਗੀ ਹੈ। ਖੂਨੀ ਡੋਰ ਦਾ ਕਾਲਾ ਧੰਦਾ ਕਰਨ ਵਾਲੇ ਇਹ ਲੋਕ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਡੋਰ ਨੂੰ ਪੰਜਾਬ ਵਿਚ ਲਿਆਉਣ ਲੱਗੇ ਹਨ। ਡੱਬਵਾਲੀ ਤੇ ਕਾਲਿਆਂਵਾਲੀ ਮੰਡੀ ਵਿਚ ਇਹ ਖੂਨੀ ਡੋਰ ਸ਼ਰੇਆਮ ਵਿਕ ਰਹੀ ਹੈ। ਦੋਵਾਂ ਮੰਡੀਆਂ ਦੀ ਹੱਦ ਬਿਲਕੁਲ ਬਠਿੰਡਾ ਦੇ ਨਾਲ ਲੱਗਦੀ ਹੈ, ਜਿਸ ਕਾਰਨ ਅਸਾਨੀ ਨਾਲ ਡੋਰ ਇੱਧਰ ਆ ਰਹੀ ਹੈ।
ਹਰਿਆਣਾ ਤੋਂ ਖਰੀਦ ਕੇ ਪੰਜਾਬ ਅੰਦਰ ਖੂਨੀ ਡੋਰ ਲਿਆ ਰਹੇ ਦੋ ਵਿਅਕਤੀਆਂ ਨੂੰ ਸੀਆਈਏ ਸਟਾਫ ਦੋ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਹਰਿਆਣਾ ਦੀ ਮੰਡੀ ਕਾਲਿਆਂਵਾਲੀ ਤੋਂ ਚਾਈਨਾ ਡੋਰ ਖਰੀਦ ਕੇ ਲਿਆ ਰਹੇ ਹਨ। ਸੀਆਈਏ ਸਟਾਫ ਦੋ ਦੀ ਪੁਲਿਸ ਨੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਨਾਕਾਬੰਦੀ ਕਰ ਲਈ। ਇਸ ਦੌਰਾਨ ਹੀ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆ ਰਹੇ ਦੋ ਵਿਅਕਤੀਆਂ ਨੂੰ ਪਿੰਡ ਕੌਰੇਆਣਾ ਵਿਚ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਚਾਈਨਾ ਡੋਰ ਦੇ 120 ਗੁੱਟੇ ਬਰਾਮਦ ਕੀਤੇ ਗਏ। ਫੜੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਰੋਕੀ ਕੁਮਾਰ ਵਾਸੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਅਤੇ ਸਤਨਾਮ ਸਿੰਘ ਵਾਸੀ ਅਜੀਤ ਰੋਡ ਬਠਿੰਡਾ ਵਜੋਂ ਹੋਈ ਹੈ। ਸੀਆਈਏ ਸਟਾਫ ਦੇ ਇੰਚਾਰਜ ਕਰਨਵੀਰ ਸਿੰਘ ਨੇ ਦੱਸਿਆ ਕਿ ਰੋਕੀ ਕੁਮਾਰ ਹਰਿਆਣਾ ਤੋਂ 120 ਗੁੱਟੇ ਚਾਈਨਾ ਡੋਰ ਦੇ ਬਠਿੰਡਾ ਵਾਸੀ ਸਤਨਾਮ ਸਿੰਘ ਨੂੰ ਵੇਚਣ ਲਈ ਲੈ ਕੇ ਆਇਆ ਸੀ, ਪਰ ਪੁਲਿਸ ਟੀਮ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਰਿਆਣਾ ਦੇ ਕਈ ਨਸ਼ਾ ਤਸਕਰ ਹੁਣ ਚਾਈਨਾ ਡੋਰ ਦੀ ਸਪਲਾਈ ਮਾਲਵਾ ਖੇਤਰ ਅੰਦਰ ਕਰਨ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਹਰਿਆਣਾ ਤੋਂ ਪੰਜਾਬ ਅੰਦਰ ਆਉਣ ਵਾਲੇ ਚੋਰ ਰਸਤਿਆਂ ਦਾ ਭਲੀ ਭਾਂਤ ਪਤਾ ਹੈ। ਉਹ ਪੁਲਿਸ ਦੇ ਅੱਖਾਂ ਵਿਚ ਘੱਟਾ ਪਾ ਕੇ ਚਾਇਨਾ ਡੋਰ ਮਾਲਵਾ ਖੇਤਰ ਅੰਦਰ ਵੇਚ ਰਹੇ ਹਨ। ਇਹ ਡੋਰ ਵੇਚਣ ਵਿਚ ਉਹ ਆਪਣੇ ਆਪ ਨੂੰ ਨਸ਼ੇ ਵੇਚਣ ਦੇ ਮਾਮਲੇ ਵਿਚ ਸੁਰੱਖਿਅਤ ਮੰਨਦੇ ਹਨ ਕਿਉਂਕਿ ਨਸ਼ਿਆਂ ਦੇ ਮਾਮਲੇ ਵਿਚ ਲੰਬਾ ਸਮਾਂ ਜ਼ਮਾਨਤ ਨਹੀਂ ਹੁੰਦੀ ਪਰ ਚਾਇਨਾ ਡੋਰ ਦਾ ਕੇਸ ਦਰਜ ਹੋਣ ’ਤੇ ਜਮਾਨਤ ਜਲਦੀ ਮਿਲ ਜਾਂਦੀ ਹੈ।
ਖੂਨੀ ਡੋਰ ਦੀ ਜਿਆਦਾਤਰ ਸਪਲਾਈ ਰੇਲ ਗੱਡੀਆਂ ਤੇ ਬੱਸਾਂ ਰਾਹੀ ਹੋ ਰਹੀ ਹੈ। ਪਿਛਲੇ ਸਾਲ ਵੀ ਕਈ ਬੱਸਾਂ ਤੇ ਰੇਲ ਗੱਡੀਆਂ ਵਿੱਚੋਂ ਭਾਰੀ ਮਾਤਰਾ ਚਾਇਨਾ ਡੋਰ ਫੜ੍ਹੀ ਗਈ ਸੀ। ਪਰ ਹੁਣ ਹਰਿਆਣਾ ਤੇ ਰਾਜਸਥਾਨ ’ਚੋਂ ਰੇਲ ਗੱਡੀਆਂ ਤੇ ਬੱਸਾਂ ਰਾਹੀ ਖੂਨੀ ਡੋਰ ਬਠਿੰਡਾ ਅੰਦਰ ਪਹੁੰਚ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਕਾਲਾ ਕਾਰੋਬਾਰ ਕਰਨ ਵਾਲੇ ਲੋਕ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਡੋਰ ਦੇ ਗੁੱਟੇ ਬਾਹਰ ਸੁੱਟ ਦਿੰਦੇ ਹਨ ਜਿੱਥੇ ਪਹਿਲਾਂ ਹੀ ਖੜ੍ਹੇ ਉਨ੍ਹਾਂ ਦੇ ਸਾਥੀ ਡੋਰ ਨੂੰ ਟਿਕਾਣੇ ਲਗਾ ਦਿੰਦੇ ਹਨ। ਇਸ ਤਰ੍ਹਾਂ ਬੱਸਾਂ ਰਾਹੀ ਵੀ ਇਸ ਖੂਨੀ ਡੋਰ ਦੇ ਬਠਿੰਡਾ ਪਹੁੰਚਣ ਦਾ ਖਦਸ਼ਾ ਹੈ।
120 Guttu China Door Being Supplied From Rajasthan Was Seized From Haryana Two Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)