ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਤਹਿਤ ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਹੁਸ਼ਿਆਰਪੁਰ ਤੋਂ 100 ਵਲੰਟੀਅਰ ਪ੍ਰਚਾਰਕ ਸਿੰਘਾਂ ਨੂੰ ਜਥਿਆਂ ਦੇ ਰੂਪ ’ਚ ਪਿੰਡਾਂ ਲਈ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਜਥਿਆਂ ਨੂੰ ਰਵਾਨਾ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਓਐੱਸਡੀ ਸਤਬੀਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਵਾਲੇ ਸਿੱਖ ਮਿਸ਼ਨਰੀ ਕਾਲਜਾਂ ਤੇ ਗੁਰਮਤਿ ਵਿਦਿਆਲਿਆਂ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਵਲੰਟੀਅਰ ਤੌਰ ’ਤੇ ਚੋਣ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿਚੋਂ 4-4 ਸਿੰਘਾਂ ਦੇ ਜਥੇ ਬਣਾ ਕੇ ਪਿੰਡਾਂ ’ਚ ਭੇਜਿਆ ਜਾ ਰਿਹਾ ਹੈ, ਜੋ ਇਕ ਪਿੰਡ ’ਚ 10 ਦਿਨ ਦੇ ਕਰੀਬ ਰਹਿ ਕੇ ਸੰਗਤ ਨੂੰ ਗੁਰਮਤਿ ਸਿਧਾਂਤਾਂ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨਵੰਬਰ 2025 ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ।
ਜਿਸ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮਾਂ ਦੀ ਲੜੀ ਚਲਾਈ ਜਾਵੇਗੀ। ਇਸੇ ਤਹਿਤ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ, ਜਿਸ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਸਾਜਨਾ ਸਮੇਂ ਅੰਮ੍ਰਿਤ ਸੰਚਾਰ ਲਈ ਵਰਤੇ ਖੰਡੇ ਨਾਲ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਜਥੇ ਅੰਮ੍ਰਿਤ ਸੰਚਾਰ ਲਈ ਵੀ ਸੰਗਤ ਨੂੰ ਪ੍ਰੇਰਨਾ ਕਰਨਗੇ। ਉਨ੍ਹਾਂ ਕਿਹਾ ਕਿ ਵੈਸਾਖੀ ਤੱਕ ਇਹ ਜਥੇ ਦੁਆਬਾ ਖੇਤਰ ਦੇ ਪਿੰਡਾਂ ਅੰਦਰ ਧਰਮ ਪ੍ਰਚਾਰ ਲਹਿਰ ਜਾਰੀ ਰੱਖਣਗੇ।
ਜਿਸ ਮਗਰੋਂ ਇਨ੍ਹਾਂ ਨੂੰ ਹੋਰ ਹਲਕਿਆਂ ’ਚ ਭੇਜਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੋਂ ਇਲਾਵਾ ਓਐੱਸਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਿਜੇ ਸਿੰਘ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਪ੍ਰਿੰਸੀਪਲ ਬੀਬੀ ਮਨਜੀਤ ਕੌਰ, ਮਹਿੰਦਰਪਾਲ ਸਿੰਘ ਗੁੰਬਰ, ਇੰਚਾਰਜ ਕਰਤਾਰ ਸਿੰਘ, ਬਹਾਲ ਸਿੰਘ, ਗੁਰਭਾਗ ਸਿੰਘ, ਮੈਨੇਜਰ ਅਵਤਾਰ ਸਿੰਘ, ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਰਤਾਜ ਸਿੰਘ, ਪ੍ਰਚਾਰਕ ਭਾਈ ਕਲਿਆਣ ਸਿੰਘ, ਭਾਈ ਅਮਰਜੀਤ ਸਿੰਘ ਜੰਡੀ, ਭਾਈ ਗੁਰਜੰਟ ਸਿੰਘ ਤਿੱਬੜ, ਮੀਤ ਮੈਨੇਜਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
On The Instructions Of Advocate Harjinder Singh Dhami The Shiromani Committee Left For Religious Preaching In Doaba Region
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)