ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥
ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥ ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥ ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥ ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥ ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥
ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥ ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥ ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥ ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ॥ ਦੂਜਾ ॥੧॥੩॥
ਅਰਥ: ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ । ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ । ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ । ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।੧। ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ । ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ।੧।ਰਹਾਉ। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ ।
(ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ।੨। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ । ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ।੩। ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ ।
(ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ।੪। ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ । ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ । ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ।੫। ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ ।
ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ।੬। ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ । ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ।੭।
ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ । ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ । ਨਾਨਕ ਜੀ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ।੮। (ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ । ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੧। ਰਹਾਉ । ਦੂਜਾ ।੧।੩।
Dhhanaasaree Ma 5 Ghar 6 Asattapadhee ik Oankaar Sathigur Prasaadh Jo Jo Joonee Aaeiou Thih Thih Ourajhaaeiou Maanas Janam Sanjog Paaeiaa
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)