ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ 1 ਜੂਨ ਤੋਂ ਸ਼ੁਰੂ ਹੋ ਰਹੇ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਹਫ਼ਤੇ ਸਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਇਹ ਦਿਹਾੜੇ ਪੰਥਕ ਇਕਜੁੱਟਤਾ ਦੀ ਭਾਵਨਾ ਨਾਲ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਮਨਾਏ ਜਾਣ। ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਜਦੋਂ ਸਿੱਖ ਸੰਗਤ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਇਕੱਤਰ ਹੋਈ ਸੀ ਤਾਂ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ, ਤੋਪਾਂ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਸਮੇਤ ਸੈਂਕੜੇ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ।
ਇਸ ਦੌਰਾਨ ਪੰਜਾਬ ਦੇ ਕਈ ਹੋਰ ਗੁਰਦੁਆਰਾ ਸਾਹਿਬਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜੂਨ 1984 ਦਾ ਫੌਜੀ ਹਮਲਾ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਹਰ ਸਾਲ ਜੂਨ ਦਾ ਪਹਿਲਾ ਹਫ਼ਤਾ ਕੌਮ ਲਈ ਬਹੁਤ ਹੀ ਭਾਵਨਾਤਮਕ ਤੇ ਵਿਰਾਗਮਈ ਹੁੰਦਾ ਹੈ ਜਦੋਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਕੌਮ ਲਈ ਆਪਣੀਆਂ ਜਾਨਾਂ ਵਾਰੀਆਂ ਤੇ ਕੌਮ ਦੇ ਦਿਲਾਂ ਵਿੱਚ ਇਨ੍ਹਾਂ ਲਈ ਹਮੇਸ਼ਾ ਹੀ ਸਤਿਕਾਰਤ ਥਾਂ ਰਹੇਗੀ। ਉਨ੍ਹਾਂ ਕਿਹਾ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਕ ਤੋਂ ਛੇ ਜੂਨ ਤੱਕ ਵਿਸ਼ਵ ਭਰ ਵਿੱਚ ਵੱਸਦੀ ਸਿੱਖ ਕੌਮ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ, ਲੈਕਚਰ ਤੇ ਸੈਮੀਨਾਰ ਕਰਵਾਏ ਜਾਣ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੱਚੀ ਸ਼ਰਧਾਂਜਲੀ ਭੇਟ ਕਰਨ ਲਈ ਇਨ੍ਹਾਂ ਸ਼ਹੀਦਾਂ ਦੇ ਜੀਵਨਾਂ ਉੱਤੇ ਵੱਧ ਤੋਂ ਵੱਧ ਰੀਸਰਚ ਕਰਕੇ ਦਸਤਾਵੇਜ਼ ਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਣ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਇਹ ਇਤਿਹਾਸ ਸਾਂਭਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦਾ ਇਤਿਹਾਸ ਜੱਥੇਬੰਦਕ ਢੰਗ ਨਾਲ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੱਡੇ ਪੱਧਰ ਉੱਪਰ ਪ੍ਰਕਾਸ਼ਿਤ ਕਰਕੇ ਸਮੁੱਚੇ ਵਿਸ਼ਵ ਦੇ ਸਾਹਮਣੇ ਲਿਆਂਦਾ ਜਾਵੇ। ਜਥੇਦਾਰ ਗੜਗੱਜ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਤਾਕੀਦ ਕੀਤੀ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰਾਂ ਅੰਦਰ ਵਿਸ਼ੇਸ਼ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣ ਅਤੇ ਜੇਕਰ ਸਮੇਂ ਦੀ ਘਾਟ ਹੋਵੇ ਤਾਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾਣ। ਗੁਰਦੁਆਰਾ ਪ੍ਰਬੰਧਕ ਗੁਰੂ ਘਰਾਂ ਅੰਦਰ ਇਤਿਹਾਸਕਾਰਾਂ ਤੇ ਕਥਾਵਾਚਕਾਂ ਨੂੰ ਸੱਦ ਕੇ ਜੂਨ 1984 ਦਾ ਇਤਿਹਾਸ ਸੰਗਤ ਨੂੰ ਦੱਸਣ ਦਾ ਪ੍ਰਬੰਧ ਕਰਨ ਕਿ ਉਸ ਸਮੇਂ ਸਰਕਾਰ ਵੱਲੋਂ ਸਿੱਖਾਂ ਨਾਲ ਕੀ-ਕੀ ਵਧੀਕੀਆਂ ਕੀਤੀਆਂ ਗਈਆਂ ਤੇ ਬਾਅਦ ਵਿੱਚ ਨਵੰਬਰ 1984 ਵਿੱਚ ਵੀ ਕਿਵੇਂ ਦੇਸ਼ ਭਰ ਵਿੱਚ ਸਿੱਖਾਂ ਦੇ ਯੋਜਨਾਬੱਧ ਢੰਗ ਨਾਲ ਕਤਲੇਆਮ ਕੀਤੇ ਗਏ।
With The Spirit Of Panthic Unity All The Martyrs Of The June 1984 Ghallughara Massacre Should Be Remembered During The Martyrdom Week Jathedar Gargajj
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)