ਚੰਡੀਗੜ੍ਹ: ਪੰਜਾਬ ਬਚਾਓ ਅੰਦੋਲਨ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਰਾਜ ’ਚ ਚਮਤਕਾਰਾਂ ਦੇ ਝਾਂਸੇ ਤੇ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਸੰਸਥਾ ਮੁਤਾਬਕ, 2011 ਦੀ ਜਨਗਣਨਾ ’ਚ ਕ੍ਰਿਸਚਨ ਭਾਈਚਾਰੇ ਦੀ ਗਿਣਤੀ 1.26 ਫੀਸਦੀ ਸੀ, ਜੋ ਹੁਣ ਵੱਧ ਕੇ ਲਗਪਗ 15 ਫੀਸਦੀ ਤੱਕ ਪਹੁੰਚ ਗਈ ਹੈ।

ਸੰਸਥਾ ਦੇ ਮੁਖੀ ਤੇਜਸਵੀ ਮਿਨਹਾਸ, ਪ੍ਰੋ. ਐੱਮ.ਪੀ. ਸਿੰਘ, ਵਰਿੰਦਰ ਮਲਿਕ, ਰਵੀ ਵਿਨਾਇਕ, ਵਿਸ਼ਾਲ ਵਿਨਾਇਕ, ਸੁਖਵਿੰਦਰ ਸਿੰਘ ਲਾਲੀ ਤੇ ਕੁਲਬੀਰ ਸਿੰਘ ਮੱਕੜ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਖਾਸ ਕਰਕੇ ਸਰਹੱਦੀ ਇਲਾਕਿਆਂ ’ਚ ਲੋਕਾਂ ਨੂੰ ਬਿਮਾਰੀਆਂ ਦੇ ਚਮਤਕਾਰੀ ਇਲਾਜ ਤੇ ਆਰਥਿਕ ਲਾਭ ਦੇ ਝਾਂਸੇ ਨਾਲ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਿਸ਼ਨਰੀਆਂ ਵੱਲੋਂ ਇੰਟਰਨੈੱਟ ਮੀਡੀਆ ’ਤੇ "ਪ੍ਰਾਰਥਨਾ ਤੇ ਤੇਲ" ਨਾਲ ਇਲਾਜ ਦੇ ਦਾਅਵੇ ਕੀਤੇ ਜਾ ਰਹੇ ਹਨ। ਕਈ ਥਾਵਾਂ ’ਤੇ ਡੇਰੇ ਚਲਾ ਕੇ ਇਨ੍ਹਾਂ ਝੂਠੇ ਚਮਤਕਾਰਾਂ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਸੰਸਥਾ ਦੇ ਅਨੁਸਾਰ, ਰਾਜ ’ਚ ਇਸ ਵੇਲੇ ਲਗਭਗ 65 ਹਜ਼ਾਰ ਪਾਸਟਰ ਸਰਗਰਮ ਹਨ, ਜਦੋਂ ਕਿ ਕ੍ਰਿਸਚਨ ਪਰੰਪਰਾ ਅਨੁਸਾਰ ਪਾਸਟਰ ਬਣਨ ਲਈ ਧਾਰਮਿਕ ਪੜ੍ਹਾਈ ਤੇ ਡਿਗਰੀ ਲਾਜ਼ਮੀ ਹੁੰਦੀ ਹੈ।

ਤੇਜਸਵੀ ਮਿਨਹਾਸ ਨੇ ਕਿਹਾ ਕਿ ਕੁਝ ਚਰਚਾਂ ਵੱਲੋਂ ਲੱਖਾਂ ਲੋਕਾਂ ਦੀ ਹਾਜ਼ਰੀ ਵਾਲੀਆਂ ਪ੍ਰਾਰਥਨਾ ਸਭਾਵਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਕਾਰਨ ਕ੍ਰਿਸਚਨ ਭਾਈਚਾਰੇ ਨੂੰ ਹੁਣ ਘੱਟ ਗਿਣਤੀਆਂ ਦੀ ਸ਼੍ਰੇਣੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।

ਸੰਸਥਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਕੇਸ ਫਾਇਲ ਕਰੇਗੀ, ਜਿਸ ’ਚ ਧਰਮ ਪਰਿਵਰਤਨ ਲਈ ਵਰਤੇ ਜਾ ਰਹੇ ਹਥਕੰਡਿਆਂ ’ਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਨਾਲ ਹੀ ਐਂਟੀ-ਕਨਵਰਜ਼ਨ ਬਿੱਲ ਲਿਆਂਦਾ ਜਾਵੇ, ਇਸ ਦੀ ਵੀ ਮੰਗ ਕੀਤੀ ਗਈ ਹੈ।

ਸੰਸਥਾ ਨੇ ਇਹ ਵੀ ਮੰਗ ਰੱਖੀ ਕਿ —

  • ਧਰਮ ਪਰਿਵਰਤਨ ਤੋਂ ਬਾਅਦ ਰਾਖਵੇਂ ਹੱਕਾਂ (ਰਿਜ਼ਰਵੇਸ਼ਨ) ਦਾ ਲਾਭ ਨਾ ਦਿੱਤਾ ਜਾਵੇ,

  • ਵੋਟਿੰਗ ਤੋਂ ਬਾਅਦ ਧਾਰਮਿਕ ਚਿੰਨ੍ਹ ਜਾਂ ਰੂਪ ਧਾਰਨ ਕਰਨ ’ਤੇ ਰੋਕ ਹੋਵੇ,

  • ਡੇਰਿਆਂ ਦੀ ਆਮਦਨੀ ਦੀ ਜਾਂਚ ਸੀਬੀਆਈ ਜਾਂ ਰਾਅ ਵਰਗੀ ਏਜੰਸੀ ਤੋਂ ਕਰਵਾਈ ਜਾਵੇ,

  • ਅਤੇ ਇੰਟਰਨੈੱਟ ਮੀਡੀਆ ਤੋਂ ਚਮਤਕਾਰਾਂ ਦੇ ਝੂਠੇ ਦਾਅਵੇ ਹਟਾਏ ਜਾਣ।

ਤੇਜਸਵੀ ਮਿਨਹਾਸ ਨੇ ਕਿਹਾ ਕਿ ਸੰਸਥਾ ‘ਘਰ ਵਾਪਸੀ’ ਕਰਨ ਵਾਲਿਆਂ ਦੀ ਹਰ ਸੰਭਵ ਮਦਦ ਕਰੇਗੀ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ’ਚ ਜਾਣਕਾਰੀ ਦੇਣ ਵਾਲੇ ਨੂੰ ਦੋ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਹੈਲਪਲਾਈਨ ਨੰਬਰ 9779379977 ’ਤੇ ਦਿੱਤੀ ਜਾ ਸਕਦੀ ਹੈ।