ਕੋਟਫੱਤਾ ਨੇੜੇ 19 ਸਾਲਾ ਨੌਜਵਾਨ ਦੀ ਸ਼ੱਕੀ ਮੌਤ, ਪਰਿਵਾਰ ਨੇ ਕਤਲ ਦਾ ਖ਼ਦਸ਼ਾ ਜਤਾਇਆ

26/04/2026 | Public Times Bureau | Panjab

ਥਾਣਾ ਕੋਟਫੱਤਾ ਖੇਤਰ ਵਿੱਚ ਇੱਕ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲਵਦੀਪ ਸਿੰਘ ਨਿਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸਨੂੰ ਕਤਲ ਕਰਾਰ ਦਿੰਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਲਵਦੀਪ ਸਿੰਘ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਲੱਕੜ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਘਟਨਾ ਵਾਲੇ ਦਿਨ ਉਹ ਆਪਣੇ ਨਾਨਕੇ ਪਿੰਡ ਲਹਿਰਾ ਮੁਹੱਬਤ ਗਿਆ ਹੋਇਆ ਸੀ ਅਤੇ ਦੇਰ ਸ਼ਾਮ ਮੋਟਰਸਾਈਕਲ 'ਤੇ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਕੋਟਫੱਤਾ-ਧੰਨ ਸਿੰਘ ਖਾਨਾ ਰੋਡ 'ਤੇ ਪਹੁੰਚਿਆ, ਤਾਂ ਰਸਤੇ ਵਿੱਚ ਉਸ ਨਾਲ ਸ਼ੱਕੀ ਘਟਨਾ ਵਾਪਰ ਗਈ।
ਰਾਹਗੀਰਾਂ ਵੱਲੋਂ ਦਿੱਤੀ ਸੂਚਨਾ 'ਤੇ ਪਰਿਵਾਰ ਮੌਕੇ 'ਤੇ ਪਹੁੰਚਿਆ, ਜਿੱਥੇ ਲਵਦੀਪ ਦੀ ਲਾਸ਼ ਸੜਕ 'ਤੇ ਪਈ ਮਿਲੀ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਅਤੇ ਕਾਫੀ ਖ਼ੂਨ ਵਹਿ ਚੁੱਕਾ ਸੀ, ਜਦਕਿ ਉਸ ਦਾ ਮੋਟਰਸਾਈਕਲ ਵੀ ਸੜਕ ਦੇ ਵਿਚਕਾਰ ਡਿੱਗਿਆ ਮਿਲਿਆ।
ਮ੍ਰਿਤਕ ਦੇ ਪਿਤਾ ਗੁਰਸੇਵਕ ਸਿੰਘ ਨੇ ਦੋਸ਼ ਲਾਇਆ ਕਿ ਇਹ ਸਧਾਰਨ ਸੜਕ ਹਾਦਸਾ ਨਹੀਂ, ਸਗੋਂ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਪੁੱਤਰ ਦੇ ਸਿਰ 'ਤੇ ਵਾਰ ਕਰਕੇ ਉਸ ਦੀ ਹੱਤਿਆ ਕੀਤੀ ਹੈ। ਉਨ੍ਹਾਂ ਨੇ ਪੁਲਿਸ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋਵੇਗਾ। ਫਿਲਹਾਲ ਮਾਮਲੇ ਨੂੰ ਸ਼ੱਕੀ ਮੰਨਦਿਆਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

Suspicious Death Of 19 year old Youth Near Kotfatta Family Suspects Murder


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App