ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸੋਮਵਾਰ ਦੇਰ ਰਾਤ ਸੀਬੀਆਈ ਨੇ ਵਿਜੀਲੈਂਸ ਦੇ ਮੁੱਖ ਦਫਤਰ 'ਤੇ ਛਾਪਾ ਮਾਰਿਆ, ਜਿਸ ਨਾਲ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ-35 ਸਥਿਤ ਇੱਕ ਪੰਜ ਸਿਤਾਰਾ ਹੋਟਲ ਵਿੱਚ 25 ਲੱਖ ਰੁਪਏ ਦੀ ਕਥਿਤ ਰਿਸ਼ਵਤ ਡੀਲ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਮੁਖੀ ਦੇ ਰੀਡਰ ਇੰਸਪੈਕਟਰ ਓ. ਪੀ. ਰਾਣਾ ਅਤੇ ਕਥਿਤ ਵਿਚੋਲੇ ਰਾਘਵ ਗੋਇਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਚੋਲੇ ਨੂੰ ਅੱਜ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਦਕਿ ਰੀਡਰ ਫਰਾਰ ਦੱਸਿਆ ਜਾ ਰਿਹਾ ਹੈ।
ਸੀਬੀਆਈ ਸੂਤਰਾਂ ਮੁਤਾਬਕ ਇੱਕ ਪ੍ਰਾਪਰਟੀ ਅਤੇ ਵਿਜੀਲੈਂਸ ਜਾਂਚ ਨਾਲ ਜੁੜੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ 25 ਲੱਖ ਰੁਪਏ ਦੀ ਡੀਲ ਤੈਅ ਕੀਤੀ ਗਈ ਸੀ। ਸ਼ਿਕਾਇਤਕਰਤਾ ਵੱਲੋਂ ਤੈਅ ਰਕਮ ਲੈ ਕੇ ਹੋਟਲ ਪਹੁੰਚਣ ਦੀ ਜਾਣਕਾਰੀ ਮਿਲੀ, ਪਰ ਉਸ ਕੋਲ ਸਿਰਫ਼ 13 ਲੱਖ ਰੁਪਏ ਸਨ, ਜੋ ਮੌਕੇ 'ਤੇ ਬਰਾਮਦ ਕਰ ਲਏ ਗਏ। ਪਿਛਲੇ ਦੋ ਦਿਨਾਂ ਤੋਂ ਸੀਬੀਆਈ ਵੱਲੋਂ ਸੰਬੰਧਿਤ ਲੋਕਾਂ ਦੀ ਗੱਲਬਾਤ ਰਿਕਾਰਡ ਕੀਤੀ ਜਾ ਰਹੀ ਸੀ, ਜਿਸ ਵਿੱਚ ਕੁਝ ਅਹਿਮ ਨਾਮ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਤੋਂ ਮਨਜ਼ੂਰੀ ਲੈ ਕੇ ਇਹ ਕਾਰਵਾਈ ਕੀਤੀ ਗਈ। ਕਥਿਤ ਸੌਦੇ ਦੌਰਾਨ ਰੀਡਰ ਹੋਟਲ ਵਿੱਚ ਮੌਜੂਦ ਸੀ, ਜਦਕਿ ਉਸਦੇ ਨਾਲ ਮਲੋਟ ਦਾ ਰਾਘਵ ਗੋਇਲ ਵੀ ਮੌਜੂਦ ਸੀ, ਜਿਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਾਣਾ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਸੀਬੀਆਈ ਟੀਮ ਨੇ ਮੋਹਾਲੀ ਸਥਿਤ ਵਿਜੀਲੈਂਸ ਹੈੱਡਕੁਆਰਟਰ 'ਤੇ ਪਹੁੰਚ ਕੇ ਰਾਣਾ ਦੇ ਦਫਤਰ ਨੂੰ ਸੀਲ ਕਰ ਦਿੱਤਾ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼, ਮੋਬਾਈਲ ਫੋਨ ਅਤੇ ਰਿਕਾਰਡ ਜ਼ਬਤ ਕੀਤੇ। ਮਲੋਟ ਵਿੱਚ ਗੋਇਲ ਦੇ ਘਰ 'ਤੇ ਵੀ ਛਾਪਾ ਮਾਰਿਆ ਗਿਆ।
ਸੂਤਰਾਂ ਅਨੁਸਾਰ ਇਹ ਮਾਮਲਾ ਸਿਰਫ਼ ਇਕ ਡੀਲ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸ਼ੱਕ ਹੈ ਕਿ ਵਿਜੀਲੈਂਸ ਵਿਭਾਗ ਨਾਲ ਜੁੜੇ ਕੁਝ ਕਰਮਚਾਰੀ ਅਤੇ ਬਾਹਰੀ ਵਿਚੋਲਿਆਂ ਦੀ ਮਿਲੀਭਗਤ ਨਾਲ ਮਾਮਲਿਆਂ ਵਿੱਚ ਰਾਹਤ ਦੇਣ ਜਾਂ ਕਾਰਵਾਈ ਰੋਕਣ ਦੇ ਨਾਮ 'ਤੇ ਪੈਸੇ ਵਸੂਲੇ ਜਾਂਦੇ ਸਨ। ਪਿਛਲੇ ਸਾਲ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਹੋਰ ਵੀ ਗੰਭੀਰ ਮੰਨਿਆ ਜਾ ਰਿਹਾ ਹੈ, ਜਦਕਿ ਉਸ ਸਮੇਂ ਵੀ ਵੱਡੀ ਰਕਮ ਦੀ ਬਰਾਮਦਗੀ ਹੋਈ ਸੀ। ਰਾਜਨੀਤਿਕ ਪੱਧਰ 'ਤੇ ਵੀ ਇਸ ਕਾਰਵਾਈ ਨੇ ਹਲਚਲ ਪੈਦਾ ਕਰ ਦਿੱਤੀ ਹੈ। ਵਿਰੋਧੀ ਧਿਰਾਂ ਨੇ ਸਰਕਾਰ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਮਾਮਲਾ ਭ੍ਰਿਸ਼ਟਾਚਾਰ ਵਿਰੋਧੀ ਦਾਵਿਆਂ ਦੀ ਸਚਾਈ ਨੂੰ ਬੇਨਕਾਬ ਕਰਦਾ ਹੈ ਅਤੇ ਵਿਜੀਲੈਂਸ ਵਿਭਾਗ ਦੀ ਭੂਮਿਕਾ 'ਤੇ ਗੰਭੀਰ ਸਵਾਲ ਉਠਾਉਂਦਾ ਹੈ। ਸੀਬੀਆਈ ਵੱਲੋਂ ਹੁਣ ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਵਿੱਚ ਕੋਈ ਸੰਗਠਿਤ ਨੈੱਟਵਰਕ ਕੰਮ ਕਰ ਰਿਹਾ ਸੀ ਜੋ ਸਰਕਾਰੀ ਜਾਂਚਾਂ ਵਿੱਚ ਦਖਲਅੰਦਾਜ਼ੀ ਕਰਕੇ ਪੈਸਾ ਵਸੂਲਦਾ ਸੀ। ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਸ ਜਾਂਚ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
Bribery Case Gains Momentum Cbi Raids Vigilance Office Investigation Into High level Network Intensified
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)