ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਬਾਹਰ ਹਿਰਾਸਤੀ ਕੈਦੀ ਵੱਲੋਂ ਹਮਲੇ ਤੋਂ ਬਾਅਦ ਗੋਲੀਬਾਰੀ, ਜ਼ਖ਼ਮੀ ਮੁਲਜ਼ਮ ਦੀ ਮੌਤ

16/05/2026 | Public Times Bureau | Panjab

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਨਿੱਚਰਵਾਰ ਦੁਪਹਿਰ ਇੱਕ ਹਿਰਾਸਤੀ ਕੈਦੀ ਵੱਲੋਂ ਪੁਲਿਸ ਮੁਲਾਜ਼ਮ ‘ਤੇ ਕਥਿਤ ਹਮਲੇ ਤੋਂ ਬਾਅਦ ਹਾਲਾਤ ਤਣਾਭਰੇ ਬਣ ਗਏ। ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਕੈਦੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ ਡੇਢ ਵਜੇ ਵਾਪਰੀ, ਜਦੋਂ ਚਾਰ ਪੁਲਿਸ ਮੁਲਾਜ਼ਮ ਤਿੰਨ ਕੈਦੀਆਂ ਨੂੰ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਤੋਂ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਆਏ ਸਨ।

ਮੁੱਢਲੀ ਜਾਂਚ ਅਨੁਸਾਰ ਮੈਡੀਕਲ ਜਾਂਚ ਪੂਰੀ ਹੋਣ ਤੋਂ ਬਾਅਦ ਜਦੋਂ ਪੁਲਿਸ ਟੀਮ ਕੈਦੀਆਂ ਨੂੰ ਵਾਪਸ ਲੈ ਕੇ ਜਾ ਰਹੀ ਸੀ ਤਾਂ ਨਸੀਬ ਸਿੰਘ ਨਾਮਕ ਕੈਦੀ, ਜੋ ਕੋਟਲਾ ਗੋਂਸਪੁਰ ਇਲਾਕੇ ਦਾ ਰਹਿਣ ਵਾਲਾ ਦੱਸਿਆ ਗਿਆ ਹੈ, ਨੇ ਹਥਕੜੀਆਂ ਲੱਗੀਆਂ ਹੋਣ ਦੇ ਬਾਵਜੂਦ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਨੁਸਾਰ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਉਸ ਨੂੰ ਈ-ਰਿਕਸ਼ਾ ਰਾਹੀਂ ਐਂਬੂਲੈਂਸ ਵੱਲ ਲੈ ਕੇ ਜਾ ਰਹੇ ਸਨ। ਇਸ ਦੌਰਾਨ ਕੈਦੀ ਨੇ ਅਚਾਨਕ ਵਿਰੋਧ ਕਰਦਿਆਂ ਆਪਣੇ ਕੋਲ ਮੌਜੂਦ ਤੇਜ਼ਧਾਰ ਹਥਿਆਰ ਨਾਲ ਕਾਂਸਟੇਬਲ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਕਾਂਸਟੇਬਲ ਦੇ ਚਿਹਰੇ, ਹੱਥ ਅਤੇ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ।

ਪੁਲਿਸ ਮੁਤਾਬਕ ਕੈਦੀ ਲਗਾਤਾਰ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਝੜਪ ਦੌਰਾਨ ਉਸ ਨੇ ਕਾਂਸਟੇਬਲ ਦੀ ਸਰਵਿਸ ਰਿਵਾਲਵਰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਸਥਿਤੀ ‘ਤੇ ਕਾਬੂ ਪਾਉਣ ਲਈ ਪਹਿਲਾਂ ਚੇਤਾਵਨੀ ਵਜੋਂ ਜ਼ਮੀਨ ਵੱਲ ਗੋਲੀ ਚਲਾਈ ਗਈ, ਪਰ ਜਦੋਂ ਮੁਲਜ਼ਮ ਨਹੀਂ ਰੁਕਿਆ ਤਾਂ ਹੋਈ ਧੱਕਾਮੁੱਕੀ ਦੌਰਾਨ ਹੋਰ ਗੋਲੀਆਂ ਚਲਾਈਆਂ ਗਈਆਂ, ਜੋ ਕੈਦੀ ਨੂੰ ਲੱਗੀਆਂ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲ ਮਿਲੇ ਤੇਜ਼ਧਾਰ ਹਥਿਆਰ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕੈਦੀ ਕੋਲ ਕਿਵੇਂ ਪਹੁੰਚਿਆ ਅਤੇ ਕੀ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਭੂਮਿਕਾ ਵੀ ਸੀ।

ਹਸਪਤਾਲ ਪ੍ਰਸ਼ਾਸਨ ਵੱਲੋਂ ਬਾਅਦ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਕੈਦੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਸ ਦੀ ਲਾਸ਼ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਹੈ, ਜਦਕਿ ਜ਼ਖ਼ਮੀ ਕਾਂਸਟੇਬਲ ਦਾ ਇਲਾਜ ਜਾਰੀ ਹੈ ਅਤੇ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਸੀਬ ਸਿੰਘ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਵਿਰੋਧੀ ਕਾਨੂੰਨ ਤਹਿਤ ਕਈ ਮਾਮਲੇ ਦਰਜ ਸਨ ਅਤੇ ਉਹ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਸੀ। ਪੁਲਿਸ ਵੱਲੋਂ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

Shooting After Attack By Detained Prisoner Outside Hoshiarpur Civil Hospital Injured Accused Dies


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App