ਆਗਰਾ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਚਲਾਨ ਦਾ ਜੁਰਮਾਨਾ ਨਾ ਭਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਹੁਣ ਪ੍ਰਸ਼ਾਸਨ ਨੇ ਕੜਾ ਰੁੱਖ ਅਖ਼ਤਿਆਰ ਕਰ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਡਰਾਈਵਰਾਂ ਦੇ ਡ੍ਰਾਈਵਿੰਗ ਲਾਇਸੰਸ ਸਿੱਧੇ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੇ ਤਿੰਨ ਜਾਂ ਇਸ ਤੋਂ ਵੱਧ ਵਾਰ ਚਲਾਨ ਹੋ ਚੁੱਕੇ ਹਨ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਮਨੀਸ਼ ਬੰਸਲ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਖ਼ਤਰਨਾਕ ਮੋੜਾਂ ਅਤੇ ਵਾਰ-ਵਾਰ ਹਾਦਸਿਆਂ ਵਾਲੀਆਂ ਥਾਵਾਂ ਦੀ ਪਹਿਚਾਣ ਕਰਕੇ ਉਥੇ ਤੁਰੰਤ ਸੁਰੱਖਿਆ ਉਪਾਅ ਲਾਗੂ ਕਰਨ ਲਈ ਕਿਹਾ।
ਬੈਠਕ ਦੌਰਾਨ ਹਰ ਸੜਕ ਹਾਦਸੇ ਦੀ ਵਿਸਥਾਰਪੂਰਵਕ ਜਾਂਚ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ, ਤਾਂ ਜੋ ਹਾਦਸਿਆਂ ਦੇ ਅਸਲ ਕਾਰਨਾਂ ਦੀ ਪਛਾਣ ਕਰਕੇ ਭਵਿੱਖ ਵਿੱਚ ਉਨ੍ਹਾਂ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਵਿਭਾਗ ਤੋਂ ਇਹ ਰਿਪੋਰਟ ਵੀ ਮੰਗੀ ਗਈ ਕਿ ਖ਼ਤਰਨਾਕ ਥਾਵਾਂ ‘ਤੇ ਸੜਕ ਸੁਰੱਖਿਆ ਜਾਂਚ ਦਾ ਕੰਮ ਪੂਰਾ ਹੋਇਆ ਹੈ ਜਾਂ ਨਹੀਂ। ਐਮਰਜੈਂਸੀ ਮੈਡੀਕਲ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਵਾਸਤੇ ਹਸਪਤਾਲਾਂ ਅਤੇ ਟਰਾਮਾ ਕੇਂਦਰਾਂ ਦੀ ਪਹਿਚਾਣ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਬੈਠਕ ਵਿੱਚ ਸਾਹਮਣੇ ਆਇਆ ਕਿ ਪੁਲਿਸ ਵੱਲੋਂ ਕੁੱਲ 10 ਹਜ਼ਾਰ 637 ਚਲਾਨ ਜਾਰੀ ਕੀਤੇ ਗਏ ਸਨ, ਪਰ ਕਿਸੇ ਵੀ ਮਾਮਲੇ ਵਿੱਚ ਲਾਇਸੰਸ ਮੁਅੱਤਲ ਕਰਨ ਦੀ ਸਿਫ਼ਾਰਸ਼ ਨਹੀਂ ਕੀਤੀ ਗਈ। ਇਸ ਮਾਮਲੇ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ। ਉੱਧਰ ਸਮਾਰਟ ਸਿਟੀ ਯੋਜਨਾ ਤਹਿਤ ਲਗੇ ਨਿਗਰਾਨੀ ਕੈਮਰਿਆਂ ਰਾਹੀਂ ਸੱਤ ਲੱਖ ਅਠਾਸੀ ਹਜ਼ਾਰ ਤੋਂ ਵੱਧ ਵਾਹਨਾਂ ਦੀ ਨਿਗਰਾਨੀ ਕੀਤੀ ਗਈ, ਜਿਨ੍ਹਾਂ ਵਿੱਚੋਂ ਦੋ ਲੱਖ ਸੜਸਠ ਹਜ਼ਾਰ ਤੋਂ ਵੱਧ ਵਾਹਨਾਂ ਦੇ ਆਨਲਾਈਨ ਚਲਾਨ ਜਾਰੀ ਕੀਤੇ ਗਏ ਹਨ। ਉੱਚ ਪੱਧਰੀ ਇਸ ਬੈਠਕ ਵਿੱਚ ਕਈ ਸੀਨੀਅਰ ਪ੍ਰਸ਼ਾਸਨਿਕ ਅਤੇ ਆਵਾਜਾਈ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।





