ਸਟੂਡੈਂਟ ਵੀਜ਼ਾ ਫੀਸ 2500 ਡਾਲਰ ਤੱਕ ਪਹੁੰਚੀ, ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੀ ਸਖ਼ਤੀ ਨੇ ਵਿਦਿਆਰਥੀਆਂ ਦੀ ਚਿੰਤਾ ਵਧਾਈ

07/07/2026 | Public Times Bureau | Panjab

ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਸਰਕਾਰ ਦਾ ਨਵਾਂ ਫੈਸਲਾ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ। ਆਸਟ੍ਰੇਲੀਆ ਨੇ ਵੀਜ਼ਾ ਅਰਜ਼ੀ ਫੀਸ ਵਿੱਚ 25 ਫ਼ੀਸਦੀ ਤੋਂ ਵੱਧ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਉਥੇ ਪੜ੍ਹਾਈ ਕਰਨ ਦਾ ਕੁੱਲ ਖਰਚ ਹੋਰ ਵਧ ਜਾਵੇਗਾ। ਨਵੀਂ ਨੀਤੀ ਤਹਿਤ ਸਟੂਡੈਂਟ ਵੀਜ਼ਾ ਲਈ ਅਰਜ਼ੀ ਫੀਸ ਹੁਣ 2500 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਗਈ ਹੈ, ਜਦਕਿ ਪਹਿਲਾਂ ਇਹ 2000 ਡਾਲਰ ਸੀ। ਇਸ ਤੋਂ ਪਹਿਲਾਂ ਸਾਲ 2022 ਤੋਂ ਜੂਨ 2024 ਤੱਕ ਵੀਜ਼ਾ ਫੀਸ 710 ਡਾਲਰ ਸੀ, ਜੋ 1 ਜੁਲਾਈ 2024 ਨੂੰ ਵਧਾ ਕੇ 1600 ਡਾਲਰ ਕਰ ਦਿੱਤੀ ਗਈ ਸੀ।

ਇਸੇ ਤਰ੍ਹਾਂ ਹੋਰ ਵੀਜ਼ਾ ਸ਼੍ਰੇਣੀਆਂ ਦੀ ਫੀਸ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸਾਥੀ ਵੀਜ਼ਾ ਦੀ ਫੀਸ 9365 ਡਾਲਰ ਤੋਂ ਵਧਾ ਕੇ 11,710 ਡਾਲਰ ਕਰ ਦਿੱਤੀ ਗਈ ਹੈ, ਜਦਕਿ ਅਸਥਾਈ ਗ੍ਰੈਜੂਏਟ ਵੀਜ਼ਾ ਦੀ ਫੀਸ 4600 ਡਾਲਰ ਤੋਂ ਵਧਾ ਕੇ 5750 ਡਾਲਰ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਤੋਂ ਹਰ ਸਾਲ ਲਗਭਗ 20 ਤੋਂ 22 ਹਜ਼ਾਰ ਵਿਦਿਆਰਥੀ ਪੜ੍ਹਾਈ ਲਈ ਆਸਟ੍ਰੇਲੀਆ ਜਾਂਦੇ ਹਨ। ਅਜਿਹੇ ਵਿੱਚ ਵੀਜ਼ਾ ਫੀਸ ਵਿੱਚ ਹੋਇਆ ਇਹ ਵਾਧਾ ਉਨ੍ਹਾਂ ਦੇ ਪਰਿਵਾਰਾਂ ’ਤੇ ਵਾਧੂ ਆਰਥਿਕ ਬੋਝ ਪਾ ਸਕਦਾ ਹੈ।

ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਸਾਲ 2024-25 ਦੌਰਾਨ 48,536 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਿਆ, ਜਦਕਿ 2023-24 ਵਿੱਚ ਇਹ ਗਿਣਤੀ 50,516 ਸੀ। ਇਸ ਤੋਂ ਪਹਿਲਾਂ 2022-23 ਵਿੱਚ 1,02,696 ਵੀਜ਼ੇ ਜਾਰੀ ਕੀਤੇ ਗਏ ਸਨ। ਵਿਦੇਸ਼ੀ ਸਿੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਵਧ ਰਹੀਆਂ ਵੀਜ਼ਾ ਫੀਸਾਂ ਅਤੇ ਸਖ਼ਤ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਰੁਝਾਨ ਪ੍ਰਭਾਵਿਤ ਹੋ ਸਕਦਾ ਹੈ। ਐਸੋਸੀਏਸ਼ਨ ਆਫ ਕੰਸਲਟੈਂਟ ਫਾਰ ਓਵਰਸੀਜ਼ ਸਟਡੀਜ਼ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਕਿਹਾ ਕਿ ਵਿਦੇਸ਼ ਵਿੱਚ ਪੜ੍ਹਾਈ ਦਾ ਖਰਚ ਪਹਿਲਾਂ ਹੀ ਵੱਧ ਰਿਹਾ ਹੈ ਅਤੇ ਵੀਜ਼ਾ ਫੀਸ ਵਧਣ ਨਾਲ ਵਿਦਿਆਰਥੀਆਂ ਦਾ ਕੁੱਲ ਬਜਟ ਹੋਰ ਵਧ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬ ਦੇ ਵਿਦਿਆਰਥੀ ਆਸਟ੍ਰੇਲੀਆ ਦੀ ਬਜਾਏ ਹੋਰ ਦੇਸ਼ਾਂ ਦੇ ਵਿਕਲਪਾਂ ਵੱਲ ਵੀ ਦੇਖ ਸਕਦੇ ਹਨ। ਉਨ੍ਹਾਂ ਮੁਤਾਬਕ ਹਰ ਸਾਲ ਵੀਜ਼ਾ ਫੀਸ ਵਿੱਚ ਹੋ ਰਹੇ ਵਾਧੇ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਆਰਥਿਕ ਦਬਾਅ ਵਧ ਰਿਹਾ ਹੈ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨਿਯਮ ਸਖ਼ਤ ਕੀਤੇ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੀ ਨਵੀਂ ਨੀਤੀ ਨੇ ਵੀ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਪੰਜਾਬੀ ਵਿਦਿਆਰਥੀਆਂ ਸਾਹਮਣੇ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ।

Student Visa Fees Have Reached 2 500 Following Canada Australia s Stricter Measures Have Heightened Students Concerns


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App