ਨੰਗਲ–ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਅਜੋਲੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿਨ-ਦਿਹਾੜੇ ਇੱਕ ਅਣਪਛਾਤਾ ਨੌਜਵਾਨ ਲੰਗਰ ਹਾਲ ਵਿੱਚੋਂ ਭਰਿਆ ਹੋਇਆ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ। ਚੋਰੀ ਦੀ ਇਹ ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਨਿਗਰਾਨੀ ਕੈਮਰਿਆਂ ਵਿੱਚ ਦਰਜ ਹੋ ਗਈ ਹੈ, ਜਿਸ ਵਿੱਚ ਮੁਲਜ਼ਮ ਦੀਆਂ ਹਰਕਤਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਪ੍ਰਬੰਧਕ ਕਮੇਟੀ ਮੁਤਾਬਕ ਘਟਨਾ ਦੁਪਹਿਰ ਸਮੇਂ ਵਾਪਰੀ। ਜਾਣਕਾਰੀ ਅਨੁਸਾਰ ਕਰੀਬ ਤਿੰਨ ਵਜੇ ਕਮੇਟੀ ਮੈਂਬਰ ਗੁਰਦੁਆਰਾ ਸਾਹਿਬ ਤੋਂ ਚਲੇ ਗਏ ਸਨ। ਇਸ ਤੋਂ ਬਾਅਦ ਕੁਝ ਸਮੇਂ ਵਿੱਚ ਹੀ ਇੱਕ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਉੱਥੇ ਪਹੁੰਚਿਆ।
ਉਸ ਨੇ ਪਹਿਲਾਂ ਆਪਣਾ ਵਾਹਨ ਬਾਹਰ ਖੜ੍ਹਾ ਕੀਤਾ ਅਤੇ ਪੈਦਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ। ਨਿਗਰਾਨੀ ਕੈਮਰਿਆਂ ਵਿੱਚ ਕੈਦ ਤਸਵੀਰਾਂ ਮੁਤਾਬਕ ਨੌਜਵਾਨ ਨੇ ਲੰਗਰ ਹਾਲ ਵਿੱਚ ਰੱਖਿਆ ਗੈਸ ਸਿਲੰਡਰ ਦੇਖਣ ਤੋਂ ਬਾਅਦ ਬਾਹਰ ਜਾ ਕੇ ਸਥਿਤੀ ਦਾ ਮੁਆਇਨਾ ਕੀਤਾ। ਜਦੋਂ ਉਸ ਨੂੰ ਯਕੀਨ ਹੋਇਆ ਕਿ ਆਸ-ਪਾਸ ਕੋਈ ਮੌਜੂਦ ਨਹੀਂ ਹੈ ਤਾਂ ਉਹ ਆਪਣਾ ਮੋਟਰਸਾਈਕਲ ਲੰਗਰ ਹਾਲ ਦੇ ਅੰਦਰ ਲੈ ਗਿਆ ਅਤੇ ਸਿਲੰਡਰ ਚੁੱਕ ਕੇ ਮੋਟਰਸਾਈਕਲ ਦੇ ਅੱਗੇ ਰੱਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਚੋਰੀ ਦੀ ਜਾਣਕਾਰੀ ਤੁਰੰਤ ਨਹੀਂ ਮਿਲ ਸਕੀ। ਦੋ ਦਿਨ ਬਾਅਦ ਜਦੋਂ ਲੰਗਰ ਹਾਲ ਵਿੱਚੋਂ ਗੈਸ ਸਿਲੰਡਰ ਗਾਇਬ ਮਿਲਿਆ ਤਾਂ ਸ਼ੱਕ ਦੇ ਆਧਾਰ ’ਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਕੀਤੀ ਗਈ।
ਇਸ ਦੌਰਾਨ ਚੋਰੀ ਦੀ ਪੂਰੀ ਘਟਨਾ ਸਾਹਮਣੇ ਆ ਗਈ ਅਤੇ ਸ਼ੱਕੀ ਵਿਅਕਤੀ ਦੀ ਪਛਾਣ ਲਈ ਲੋੜੀਂਦੇ ਸਬੂਤ ਮਿਲ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਪ੍ਰਬੰਧਕ ਕਮੇਟੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਿਗਰਾਨੀ ਕੈਮਰਿਆਂ ਦੇ ਆਧਾਰ ’ਤੇ ਮੁਲਜ਼ਮ ਨੂੰ ਜਲਦ ਕਾਬੂ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
Theft At Place Of Service Motorcyclist Targets The langar Hall Of The Gurudwara Sahib In Ajoli
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)