ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਜਿਜੇਆਣੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦਾ ਕਥਿਤ ਤੌਰ ’ਤੇ ਉਸ ਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜਿਜੇਆਣੀ ਵਿੱਚ ਘਰੇਲੂ ਵਿਵਾਦ ਦੇ ਚਲਦਿਆਂ ਮਲਕੀਤ ਸਿੰਘ, ਉਸ ਦੀ ਦੂਜੀ ਪਤਨੀ ਕੁਲਦੀਪ ਕੌਰ ਅਤੇ ਉਸ ਦੇ ਦੋ ਪੁੱਤਰਾਂ ਗੁਰਪ੍ਰੀਤ ਸਿੰਘ ਤੇ ਜਸ਼ਨਦੀਪ ਸਿੰਘ ’ਤੇ ਆਪਣੇ ਮਤਰੇਏ ਭਰਾ ਆਕਾਸ਼ਦੀਪ ਸਿੰਘ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਅਤੇ ਹੋਰ ਚੀਜ਼ਾਂ ਨਾਲ ਵਾਰ ਕੀਤੇ ਗਏ।
ਆਕਾਸ਼ਦੀਪ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਪਤੀ ਦਾ ਆਪਣੇ ਪਿਤਾ ਅਤੇ ਮਤਰੇਏ ਭਰਾਵਾਂ ਨਾਲ ਰਿਹਾਇਸ਼ੀ ਜਗ੍ਹਾ ਨੂੰ ਲੈ ਕੇ ਅਕਸਰ ਵਿਵਾਦ ਰਹਿੰਦਾ ਸੀ। ਉਸ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਮਲਕੀਤ ਸਿੰਘ ਦੀ ਪਹਿਲੀ ਪਤਨੀ ਤੋਂ ਸੀ, ਜਦਕਿ ਦੂਜੀ ਪਤਨੀ ਤੋਂ ਉਸ ਦੇ ਦੋ ਪੁੱਤਰ ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਸਿੰਘ ਹਨ। ਕਿਰਨਦੀਪ ਕੌਰ ਦੇ ਮੁਤਾਬਕ ਘਟਨਾ ਵਾਲੇ ਦਿਨ ਜਦੋਂ ਆਕਾਸ਼ਦੀਪ ਸਿੰਘ ਸ਼ਾਮ ਸਮੇਂ ਘਰ ਵਾਪਸ ਆਇਆ ਤਾਂ ਉਸ ਦੇ ਪਿਤਾ, ਮਤਰੇਈ ਮਾਂ ਅਤੇ ਮਤਰੇਏ ਭਰਾਵਾਂ ਨੇ ਕਥਿਤ ਤੌਰ ’ਤੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਕਥਿਤ ਤੌਰ ’ਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਕਰੀਬ ਦੋ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮਲਕੀਤ ਸਿੰਘ, ਕੁਲਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮਲਕੀਤ ਸਿੰਘ ਅਤੇ ਕੁਲਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋ ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਸਿੰਘ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਨਹਿਰ ਸਮੇਤ ਸੰਭਾਵਿਤ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਆਕਾਸ਼ਦੀਪ ਸਿੰਘ ਦੀ ਲਾਸ਼ ਬਰਾਮਦ ਕੀਤੀ ਜਾ ਸਕੇ।
Youth Murdered Two Days After Release On Bail Serious Allegations Leveled Against Family Members Including His Father
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)