ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ ਅਤੇ ਵਧੀਕ ਮੁੱਖ ਪ੍ਰਸ਼ਾਸਕ ਇਨਾਯਤ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਜ਼ਿਲ੍ਹੇ ਵਿੱਚ ਗੈਰ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਿੰਨ ਨਵੀਆਂ ਵਿਕਸਿਤ ਹੋ ਰਹੀਆਂ ਕਲੋਨੀਆਂ ਵਿੱਚ ਕੀਤੇ ਗਏ ਗੈਰ-ਕਾਨੂੰਨੀ ਨਿਰਮਾਣ ਢਾਹ ਦਿੱਤੇ। ਇਹ ਕਾਰਵਾਈ ਥਾਣਾ ਕੰਬੋ ਦੀ ਪੁਲਿਸ ਦੀ ਮੌਜੂਦਗੀ ਵਿੱਚ ਕੀਤੀ ਗਈ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਪਿੰਡ ਕੰਬੋ (ਰਾਮਤੀਰਥ ਰੋਡ), ਪਿੰਡ ਖੈਰਾਬਾਦ (ਮੀਰਾਂਕੋਟ ਚੌਂਕ ਤੋਂ ਰਾਮਤੀਰਥ ਰੋਡ, ਵੈਲਕਮ ਸਿਟੀ ਦੇ ਨਾਲ) ਅਤੇ ਪਿੰਡ ਦਾਲਮ (ਅਜਨਾਲਾ ਰੋਡ) ਵਿਖੇ ਵਿਕਸਿਤ ਕੀਤੀਆਂ ਜਾ ਰਹੀਆਂ ਗੈਰ-ਅਧਿਕਾਰਤ ਕਲੋਨੀਆਂ ਵਿੱਚ ਕੀਤੀ ਗਈ।
ਇਸ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਢਾਹ ਕੇ ਰੋਕ ਦਿੱਤਾ ਗਿਆ। ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਾਪਰਾ ਐਕਟ-1995 ਤਹਿਤ ਕਲੋਨੀ ਵਿਕਾਸਕਾਰਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਵਿਕਾਸ ਕਾਰਜ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਬਾਵਜੂਦ ਜਦੋਂ ਗੈਰ-ਕਾਨੂੰਨੀ ਨਿਰਮਾਣ ਜਾਰੀ ਰਿਹਾ ਤਾਂ 3 ਜੁਲਾਈ 2026 ਨੂੰ ਡੈਮੋਲੀਸ਼ਨ ਦੇ ਹੁਕਮ ਜਾਰੀ ਕੀਤੇ ਗਏ, ਜਿਨ੍ਹਾਂ ਦੀ ਪਾਲਣਾ ਕਰਦਿਆਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਕੰਬੋ ਵਿੱਚ ਸਥਿਤ ਗੈਰ-ਅਧਿਕਾਰਤ ਕਲੋਨੀ ਵਿਰੁੱਧ 10 ਅਕਤੂਬਰ 2025 ਨੂੰ ਵੀ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਕਾਨੂੰਨੀ ਕਾਰਵਾਈ ਲਈ ਲਿਖਿਆ ਗਿਆ ਸੀ।
ਇਸੇ ਤਰ੍ਹਾਂ ਪਿੰਡ ਦਾਲਮ ਵਿੱਚ ਸਥਿਤ ਕਲੋਨੀ ਵਿਰੁੱਧ 12 ਜੂਨ 2026 ਨੂੰ ਵੀ ਗੈਰ-ਕਾਨੂੰਨੀ ਨਿਰਮਾਣ ਢਾਹੇ ਗਏ ਸਨ, ਪਰ ਵਿਕਾਸਕਾਰਾਂ ਨੇ ਮੁੜ ਨਿਯਮਾਂ ਦੀ ਉਲੰਘਣਾ ਕਰਦਿਆਂ ਕੰਮ ਸ਼ੁਰੂ ਕਰ ਦਿੱਤਾ, ਜਿਸ ਕਾਰਨ ਨਵੇਂ ਕੀਤੇ ਗਏ ਨਿਰਮਾਣਾਂ ਨੂੰ ਵੀ ਢਾਹ ਦਿੱਤਾ ਗਿਆ। ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਮਨਜ਼ੂਰੀ ਵਿਕਸਿਤ ਕੀਤੀਆਂ ਜਾ ਰਹੀਆਂ ਕਲੋਨੀਆਂ ਅਤੇ ਗੈਰ-ਕਾਨੂੰਨੀ ਨਿਰਮਾਣਾਂ ਵਿਰੁੱਧ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਇਦਾਦ ਖਰੀਦਣ ਤੋਂ ਪਹਿਲਾਂ ਸਬੰਧਤ ਪ੍ਰੋਜੈਕਟ ਦੀ ਕਾਨੂੰਨੀ ਮਨਜ਼ੂਰੀ ਦੀ ਪੂਰੀ ਜਾਂਚ ਜ਼ਰੂਰ ਕਰ ਲੈਣ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
Amritsar Development Authority Takes Major Action Against Unauthorized Colonies Illegal Structures Demolished At Three Locations
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)