ਮੌਨਸੂਨ ਦੇ ਮੱਦੇਨਜ਼ਰ ਰਾਵੀ ਦਰਿਆ ’ਤੇ ਮਕੌੜਾ ਪੱਤਣ ਵਿਖੇ ਬਣਾਇਆ ਗਿਆ ਆਰਜ਼ੀ ਪੁਲ ਹਟਾਏ ਜਾਣ ਤੋਂ ਬਾਅਦ ਦਰਿਆ ਪਾਰ ਵਸਦੇ ਸੱਤ ਪਿੰਡਾਂ ਦੇ ਲੋਕਾਂ ਦਾ ਜ਼ਿਲ੍ਹੇ ਨਾਲ ਸਿੱਧਾ ਸੰਪਰਕ ਇੱਕ ਵਾਰ ਫਿਰ ਟੁੱਟ ਗਿਆ ਹੈ। ਇਸ ਦੌਰਾਨ ਸ਼ੁੱਕਰਵਾਰ ਸਵੇਰੇ ਲੋਕਾਂ ਨਾਲ ਭਰੀ ਇੱਕ ਕਿਸ਼ਤੀ ਸੰਤੁਲਨ ਵਿਗੜਨ ਕਾਰਨ ਦਰਿਆ ਵਿੱਚ ਪਲਟ ਗਈ। ਹਾਲਾਂਕਿ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਕਿਸ਼ਤੀ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲ ਆਏ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ ਸੱਤ ਵਜੇ ਇੱਕ ਛੋਟੀ ਕਿਸ਼ਤੀ ਰਾਹੀਂ ਲੋਕ ਰਾਵੀ ਦਰਿਆ ਪਾਰ ਕਰ ਰਹੇ ਸਨ।
ਕਿਨਾਰੇ ਤੋਂ ਕੁਝ ਦੂਰੀ ’ਤੇ ਪਹੁੰਚਣ ਮਗਰੋਂ ਵੱਧ ਸਵਾਰੀਆਂ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ। ਕਿਸ਼ਤੀ ਚਾਲਕ ਨਛੱਤਰ ਸਿੰਘ ਨੇ ਦੱਸਿਆ ਕਿ ਕਿਸ਼ਤੀ ਵਿੱਚ ਆਮ ਤੌਰ ’ਤੇ ਪੰਜ ਤੋਂ ਸੱਤ ਲੋਕਾਂ ਦੇ ਸੁਰੱਖਿਅਤ ਸਫ਼ਰ ਦੀ ਸਮਰੱਥਾ ਹੈ, ਪਰ ਮਜ਼ਬੂਰੀ ਕਾਰਨ ਇਸ ਵਿੱਚ ਵੱਧ ਲੋਕ ਸਵਾਰ ਹੋ ਗਏ ਸਨ। ਪਾਣੀ ਘੱਟ ਹੋਣ ਕਾਰਨ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਆਰਜ਼ੀ ਪੁਲ ਹਟਣ ਨਾਲ ਭਰਿਆਲ, ਚੇਬੇ, ਤੂਰਬਾਨੀ, ਮੰਮੀ ਚੱਕਰੰਗਾ, ਕੂਕਰ, ਕਜਲੇ ਅਤੇ ਲਸਿਆਨ ਸਮੇਤ ਸੱਤ ਪਿੰਡਾਂ ਦੇ ਲਗਭਗ ਅੱਠ ਹਜ਼ਾਰ ਵਸਨੀਕਾਂ ਲਈ ਹੁਣ ਕਿਸ਼ਤੀ ਹੀ ਆਵਾਜਾਈ ਦਾ ਇੱਕੋ-ਇੱਕ ਸਾਧਨ ਰਹਿ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਉਨ੍ਹਾਂ ਨੂੰ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਰਾਵੀ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਅਜੇ ਤੱਕ ਪੂਰੀ ਨਹੀਂ ਹੋਈ।
ਲੋਕਾਂ ਨੇ ਦੱਸਿਆ ਕਿ ਪੱਕੇ ਪੁਲ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ, ਪਰ ਇਹ ਮਸਲਾ ਅਕਸਰ ਚੋਣਾਂ ਦੌਰਾਨ ਹੀ ਚਰਚਾ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦਰਿਆ ਪਾਰ ਕਰਨ ਸਮੇਂ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈਂਦੀ ਹੈ ਅਤੇ ਇਸ ਦਾ ਸਥਾਈ ਹੱਲ ਜ਼ਰੂਰੀ ਹੈ। ਦਰਿਆ ਪਾਰ ਦੇ ਪਿੰਡਾਂ ਦੇ ਸਰਪੰਚਾਂ ਨੇ ਪਹਿਲਾਂ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਪੱਕੇ ਪੁਲ ਦੀ ਉਸਾਰੀ ਲਈ ਜਲਦੀ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਉਹ ਨੈਸ਼ਨਲ ਹਾਈਵੇਅ ਜਾਮ ਕਰਨ ਅਤੇ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਵਰਗੇ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਣਗੇ। ਇਸ ਮਾਮਲੇ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਪਰਮਬੀਰ ਸਿੰਘ ਨੇ ਕਿਹਾ ਕਿ ਮੌਨਸੂਨ ਅਤੇ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਵਿਭਾਗ ਵੱਲੋਂ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨੁਕਸਾਨੇ ਗਏ ਅਤੇ ਕਮਜ਼ੋਰ ਦਰਿਆਈ ਕੰਢਿਆਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
Boat Becomes The Only Lifeline After The Removal Of The Temporary Bridge At Makora Pattan Connectivity For Seven Villages At Risk
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)