ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਦੋ ਹਵਾਲਾਤੀਆਂ ਨਾਲ ਕਥਿਤ ਕੁੱਟਮਾਰ ਕਰਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਬਾਹਰੋਂ 2 ਲੱਖ ਰੁਪਏ ਇੱਕ ਦੱਸੇ ਗਏ ਖਾਤੇ ਵਿੱਚ ਟਰਾਂਸਫਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਛੇ ਬੰਦੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਨਾਮਜ਼ਦ ਮੁਲਜ਼ਮਾਂ ਵਿੱਚ ਹਵਾਲਾਤੀ ਹਰਿਸਮਰਨ ਸਿੰਘ ਮੰਡ, ਜਗਵੀਰ ਸਿੰਘ, ਜਤਿੰਦਰ ਸਿੰਘ, ਅਭੈ, ਗੁਰਜੀਤ ਸਿੰਘ ਉਰਫ਼ ਹਰਮਨ ਅਤੇ ਸੁਖਮਨ ਸ਼ਾਮਲ ਹਨ। ਇਨ੍ਹਾਂ ’ਤੇ ਹਵਾਲਾਤੀ ਰੁਪੇਸ਼ ਪੁਰੀ ਅਤੇ ਨੀਰਜ ਆਦੀਆ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਬਾਹਰੋਂ ਪੈਸੇ ਮੰਗਵਾਉਣ ਲਈ ਮਜਬੂਰ ਕਰਨ ਦੇ ਦੋਸ਼ ਹਨ।
ਸ਼ਿਕਾਇਤ ਅਨੁਸਾਰ, ਕੁੱਟਮਾਰ ਤੋਂ ਬਾਅਦ ਦੋਵੇਂ ਹਵਾਲਾਤੀਆਂ ਨੇ ਕਿਸੇ ਜਾਣਕਾਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਦੱਸੇ ਗਏ ਖਾਤੇ ਵਿੱਚ 2 ਲੱਖ ਰੁਪਏ ਟਰਾਂਸਫਰ ਕੀਤੇ ਗਏ। ਮਾਮਲੇ ਦੀ ਜਾਂਚ ਦੌਰਾਨ ਜੇਲ੍ਹ ਅੰਦਰੋਂ ਇੱਕ ਕੀਪੈਡ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 308(4) ਅਤੇ ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ, 2026 ਦੀ ਧਾਰਾ 42(2) ਤਹਿਤ ਕੇਸ ਦਰਜ ਕੀਤਾ ਹੈ। ਨਾਮਜ਼ਦ ਸਾਰੇ ਮੁਲਜ਼ਮ ਪਹਿਲਾਂ ਤੋਂ ਹੀ ਵੱਖ-ਵੱਖ ਮਾਮਲਿਆਂ ਵਿੱਚ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਹਨ।
ਜਾਂਚ ਅਧਿਕਾਰੀ ਏਐੱਸਆਈ ਗੁਰਦਿਆਲ ਸਿੰਘ ਮੁਤਾਬਕ, ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਅੰਦਰ ਮੋਬਾਈਲ ਫੋਨ ਕਿਵੇਂ ਪਹੁੰਚਿਆ, 2 ਲੱਖ ਰੁਪਏ ਕਿਸ ਖਾਤੇ ਵਿੱਚ ਟਰਾਂਸਫਰ ਹੋਏ ਅਤੇ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦੇ ਹਨ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਅਜਿਹੀ ਕੋਈ ਹੋਰ ਘਟਨਾ ਤਾਂ ਨਹੀਂ ਕੀਤੀ। ਜਾਂਚ ਅਨੁਸਾਰ, ਮੁਲਜ਼ਮਾਂ ’ਤੇ ਪਹਿਲਾਂ ਵੀ ਗੰਭੀਰ ਮਾਮਲੇ ਦਰਜ ਹਨ ਅਤੇ ਜੇਲ੍ਹ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣਾ ਗਰੁੱਪ ਬਣਾਉਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।
Two Undertrial Prisoners Assaulted In Ludhiana Central Jail Allegation Of Forcing A Transfer Of 2 Lakh
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)