ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਥਾਣਾ ਕਲਾਨੌਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 7 ਪਿਸਤੌਲ ਅਤੇ 8 ਮੈਗਜ਼ੀਨਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮੈਗਜ਼ੀਨਾਂ ਵਿੱਚ ਕੋਈ ਕਾਰਤੂਸ ਨਹੀਂ ਸੀ। ਪੁਲਿਸ ਨੂੰ 30 ਸਤੰਬਰ ਦੀ ਦੇਰ ਸ਼ਾਮ ਹਥਿਆਰਾਂ ਦੀ ਕਥਿਤ ਸਮਗਲਿੰਗ ਸਬੰਧੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ’ਤੇ ਕਲਾਨੌਰ-ਡੇਰਾ ਬਾਬਾ ਨਾਨਕ ਮਾਰਗ ’ਤੇ ਰੁਡਿਆਨਾ ਮੋੜ ਦੇ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਗਈ।
ਇਸ ਦੌਰਾਨ ਪੁਲਿਸ ਨੇ ਸਵਿਫਟ ਕਾਰ ਨੰਬਰ UK 16 C 0040 ਨੂੰ ਰੋਕ ਕੇ ਤਲਾਸ਼ੀ ਲਈ। ਕਾਰ ਵਿੱਚ ਪਏ ਕਾਲੇ ਰੰਗ ਦੇ ਬੈਗ ਵਿੱਚੋਂ 7 ਪਿਸਤੌਲ ਅਤੇ 8 ਮੈਗਜ਼ੀਨ ਬਰਾਮਦ ਹੋਏ। ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਸਿਤਾਰਗੰਜ, ਲਵਪ੍ਰੀਤ ਸਿੰਘ ਵਾਸੀ ਹਲਫੂਵਾਲ, ਸਿਤਾਰਗੰਜ, ਜਸਨਦੀਪ ਸਿੰਘ ਵਾਸੀ ਗੋਰੀ ਖੇੜਾ, ਸਿਤਾਰਗੰਜ ਅਤੇ ਹਰਜਿੰਦਰ ਸਿੰਘ ਵਾਸੀ ਲੱਖਣ ਕਲਾ ਵਜੋਂ ਕੀਤੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲ ਬਰਾਮਦ ਹਥਿਆਰਾਂ ਸਬੰਧੀ ਕੋਈ ਲਾਇਸੈਂਸ ਨਹੀਂ ਸੀ।
ਇਸ ਸਬੰਧੀ ਥਾਣਾ ਕਲਾਨੌਰ ਵਿੱਚ ਮੁਕੱਦਮਾ ਨੰਬਰ 130, ਮਿਤੀ 1 ਅਕਤੂਬਰ 2026, ਅਸਲਾ ਐਕਟ ਦੀਆਂ ਧਾਰਾਵਾਂ 25-54-59 ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ। ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।





