ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਆਧਾਰ ’ਤੇ ਧਾਮੀ ਨੇ ਸਰਾਵਾਂ ਦੇ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਵਿੱਚੋਂ ਸਾਹਮਣੇ ਆਏ ਤੱਥ ਮੀਡੀਆ ਨਾਲ ਸਾਂਝੇ ਕੀਤੇ। ਧਾਮੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ FIR ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ SGPC ਨੇ ਵੀ ਆਪਣੀ ਪੱਧਰ ’ਤੇ ਵਿਭਾਗੀ ਜਾਂਚ ਕਰਵਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਬੰਧਤ ਬੀਬੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿੱਚ ਠਹਿਰਾਅ ਦੇ ਰਿਕਾਰਡ ਮੌਜੂਦ ਹਨ ਅਤੇ ਕਈ ਮੌਕਿਆਂ ’ਤੇ ਕਮਰਾ ਲੈਣ ਸਮੇਂ ਨਿਰਧਾਰਤ ਭੇਟਾ ਵੀ ਜਮ੍ਹਾਂ ਕਰਵਾਈ ਗਈ ਸੀ।
SGPC ਪ੍ਰਧਾਨ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਦੇ ਰਿਕਾਰਡ ਵਿੱਚ ਕਥਿਤ ਤੌਰ ’ਤੇ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਵੱਲੋਂ ਰਜਿਸਟਰ ਵਿੱਚ ਬਾਅਦ ਵਿੱਚ ਇੰਦਰਾਜ ਕੀਤੇ ਜਾਣ ਅਤੇ ਸੀਰੀਅਲ ਨੰਬਰਾਂ ਨਾਲ ਛੇੜਛਾੜ ਹੋਣ ਦੇ ਤੱਥ ਜਾਂਚ ਦੌਰਾਨ ਸਾਹਮਣੇ ਆਏ ਹਨ। ਧਾਮੀ ਨੇ ਕਿਹਾ ਕਿ ਇਨ੍ਹਾਂ ਇੰਦਰਾਜਾਂ ਦੀ ਲਿਖਾਈ ਦੀ ਵੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਿਕਾਰਡ ਮੁਤਾਬਕ ਸਬੰਧਤ ਬੀਬੀ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੱਤ ਵਾਰ ਭੇਟਾ ਦੇ ਕੇ ਕਮਰਾ ਲਿਆ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਵਿੱਚ ਵੀ ਸੱਤ ਵਾਰ ਅਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਵਿੱਚ ਦੋ ਵਾਰ ਠਹਿਰਾਅ ਦਾ ਰਿਕਾਰਡ ਮਿਲਿਆ ਹੈ। ਧਾਮੀ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਇੰਦਰਾਜ ਰਿਕਾਰਡ ਨਾਲ ਛੇੜਛਾੜ ਕਰਕੇ ਦਰਜ ਕੀਤੇ ਜਾਣ ਦਾ ਸ਼ੱਕ ਹੈ।
ਬੀਬੀ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਬਾਰੇ ਧਾਮੀ ਨੇ ਕਿਹਾ ਕਿ ਇਹ ਰਕਮ ਧਰਮ ਅਰਥ ਫੰਡ ਵਿੱਚੋਂ ਮੈਡੀਕਲ ਦਸਤਾਵੇਜ਼ਾਂ ਦੇ ਆਧਾਰ ’ਤੇ ਮਨਜ਼ੂਰ ਕੀਤੀ ਗਈ ਸੀ। ਉਨ੍ਹਾਂ ਮੁਤਾਬਕ ਸਬੰਧਤ ਬੀਬੀ ਨੇ ਇਲਾਜ ਲਈ ਸਹਾਇਤਾ ਵਾਸਤੇ ਅਰਜ਼ੀ ਦਿੱਤੀ ਸੀ ਅਤੇ ਇਸ ’ਤੇ ਅੰਤ੍ਰਿੰਗ ਕਮੇਟੀ ਵੱਲੋਂ ਫੈਸਲਾ ਲਿਆ ਗਿਆ। ਧਾਮੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਵੱਲੋਂ ਮਾਮਲੇ ਨਾਲ ਸਬੰਧਤ ਕਥਿਤ ਫੋਨ ਰਿਕਾਰਡ ਜਨਤਕ ਕੀਤੇ ਜਾਣ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਪੰਨੂ ਵੱਲੋਂ ਆਪਣੇ ਬਾਰੇ ਲਗਾਏ ਗਏ ਕੁਝ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਬਿਨਾਂ ਠੋਸ ਸਬੂਤ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ। SGPC ਪ੍ਰਧਾਨ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਇਸ ਨਾਲ ਜੁੜਿਆ ਪੂਰਾ ਸੱਚ ਸਾਹਮਣੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀਆਂ ਕਥਿਤ ਗਲਤੀਆਂ ਦੇ ਆਧਾਰ ’ਤੇ ਪੂਰੀ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਮਾਮਲੇ ਦੀ ਪੂਰੀ ਜਾਂਚ ਲਈ CBI ਜਾਂਚ ਦੀ ਆਪਣੀ ਮੰਗ ਨੂੰ ਵੀ ਮੁੜ ਦੁਹਰਾਇਆ।
Sri Anandpur Sahib Matter Sgpc s Preliminary Inquiry Report Alleges Tampering With Records Dhami Makes Facts Public
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)