ਡਿਜੀਟਲ ਧੋਖਾਧੜੀ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦਰਮਿਆਨ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ 20 ਨਵੰਬਰ ਨੂੰ ਛੇ ਨਵੇਂ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚ ਪੰਜ ਵਿੱਤੀ ਧੋਖਾਧੜੀ ਦੇ ਕੇਸਾਂ ਵਿੱਚ ਲੋਕਾਂ ਨਾਲ ਕੁੱਲ 17,16,926 ਰੁਪਏ ਦੀ ਠੱਗੀ ਹੋਈ, ਜਦਕਿ ਛੇਵਾਂ ਮਾਮਲਾ ਕੰਪਨੀ ਦਾ ਡਾਟਾ ਚੋਰੀ ਕਰਕੇ ਵੱਖਰੀ ਫਰਮ ਚਲਾਉਣ ਦੇ ਦੋਸ਼ਾਂ ਨਾਲ ਸਬੰਧਤ ਹੈ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਹਾਣਾ ਦੇ ਸੈਕਟਰ-114 ਵਾਸੀ ਗੁਰਪ੍ਰੀਤ ਸਿੰਘ ਦੇ ਬੈਂਕ ਖਾਤੇ ਵਿੱਚੋਂ 6.98 ਲੱਖ ਰੁਪਏ ਕੱਢ ਲਏ ਗਏ। ਸ਼ਿਕਾਇਤ ਮੁਤਾਬਕ, ਮੋਬਾਈਲ ਐਪ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਮੁੜ ਡਾਊਨਲੋਡ ਕਰਕੇ ਬੈਲੇਂਸ ਚੈੱਕ ਕੀਤਾ ਤਾਂ 99 ਹਜ਼ਾਰ ਰੁਪਏ ਕੱਟੇ ਜਾਣ ਦਾ ਪਤਾ ਲੱਗਾ। ਬੈਂਕ ਸਟੇਟਮੈਂਟ ਦੀ ਜਾਂਚ ਦੌਰਾਨ ਕੁੱਲ ਧੋਖਾਧੜੀ ਸਾਹਮਣੇ ਆਈ।
ਨਯਾਗਾਓਂ ਦੇ ਸ਼ਿਵਾਲਿਕ ਵਿਹਾਰ ਦੀ ਰਹਿਣ ਵਾਲੀ ਗੀਤਾ ਅਰੋੜਾ ਨਾਲ ਫੇਸਬੁੱਕ ਇਸ਼ਤਿਹਾਰ ਰਾਹੀਂ ਦੋ ਵੱਖ-ਵੱਖ ਮਾਮਲਿਆਂ ਵਿੱਚ 5,91,926 ਰੁਪਏ ਦੀ ਧੋਖਾਧੜੀ ਹੋਈ। ਸ਼ਿਕਾਇਤ ਮੁਤਾਬਕ, ਪੈਸਿਆਂ ਦੀ ਲੋੜ ਕਾਰਨ ਉਨ੍ਹਾਂ ਨੇ ਇਸ਼ਤਿਹਾਰ ਦੇਖ ਕੇ ਆਪਣਾ ਮੋਬਾਈਲ ਨੰਬਰ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਪੈਸੇ ਰਿਲੀਜ਼ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਦੇ ਖਾਤੇ ਵਿੱਚੋਂ ਪਹਿਲਾਂ 4,76,326 ਰੁਪਏ ਅਤੇ ਦੂਜੇ ਮਾਮਲੇ ਵਿੱਚ 1,15,600 ਰੁਪਏ ਕੱਟ ਲਏ। ਖਰੜ ਦੇ ਸ਼ਿਵਜੋਤ ਇਨਕਲੇਵ ਦੀ ਨੀਨਾ ਕੁਮਾਰ ਨੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੇ ਪਤੀ ਨਾਲ ਲਾਂਡਰਾਂ ਚੌਕ ਸਥਿਤ ਏਟੀਐੱਮ ’ਤੇ ਦੋ ਅਣਪਛਾਤੇ ਵਿਅਕਤੀਆਂ ਨੇ ਧੋਖੇ ਨਾਲ ਕਾਰਡ ਬਦਲ ਲਿਆ। ਬਾਅਦ ਵਿੱਚ ਖਾਤੇ ਵਿੱਚੋਂ 2.25 ਲੱਖ ਰੁਪਏ ਕੱਢ ਲਏ ਗਏ।
ਪ੍ਰਭਾਤ ਜ਼ੀਰਕਪੁਰ ਦੇ ਵਸਨੀਕ ਹੰਸ ਰਾਜ ਨੂੰ 5 ਨਵੰਬਰ ਨੂੰ ਮੋਬਾਈਲ ’ਤੇ 5 ਹਜ਼ਾਰ ਰੁਪਏ ਕੱਟਣ ਦਾ ਸੁਨੇਹਾ ਮਿਲਿਆ। ਬੈਂਕ ਵਿੱਚ ਜਾਂਚ ਕਰਵਾਉਣ ’ਤੇ ਪਤਾ ਲੱਗਾ ਕਿ ਖਾਤੇ ਵਿੱਚੋਂ ਅਸਲ ਵਿੱਚ 2.02 ਲੱਖ ਰੁਪਏ ਕੱਢੇ ਜਾ ਚੁੱਕੇ ਸਨ।ਛੇਵਾਂ ਮਾਮਲਾ ਮੁਹਾਲੀ ਦੇ ਸੈਕਟਰ-83 ਸਥਿਤ ਮਾਸਟਰ ਸਾਫਟਵੇਅਰ ਸਲਿਊਸ਼ਨ ਨਾਲ ਜੁੜਿਆ ਹੈ। ਕੰਪਨੀ ਦੇ ਸੁਨੀਲ ਗਰਗ ਦੀ ਸ਼ਿਕਾਇਤ ਮੁਤਾਬਕ, ਕੰਪਨੀ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕਰਦੇ ਤਿੰਨ ਵਿਅਕਤੀਆਂ ਨੇ ਨੌਕਰੀ ਦੌਰਾਨ ਹੀ ਵੱਖਰੀ ਫਰਮ ਚਲਾਉਣ ਲਈ ਕੰਪਨੀ ਦਾ ਡਾਟਾ ਅਤੇ ਹੋਰ ਸਾਮਾਨ ਵਰਤਿਆ। ਇਸ ਮਾਮਲੇ ਵਿੱਚ ਸਜਲ ਬਜਾਜ, ਅੰਕੁਸ਼ ਕੋਰਾ ਅਤੇ ਮਨੀਸ਼ ਕੁਮਾਰ ਵਰਮਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਸਾਰੇ ਮਾਮਲਿਆਂ ਦੀ ਜਾਂਚ ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਬੈਂਕ ਲੈਣ-ਦੇਣ ਦੇ ਵੇਰਵਿਆਂ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।
5 Cases Of Cyber Fraud In Mohali Rs 17 16 Lakh Swindled
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)