ਪੈਨਸ਼ਨ ਹਾਲੀਆ ਚੋਣਾਂ ’ਚ ਸਿਆਸੀ ਬਹਿਸ ਦਾ ਇਕ ਅਹਿਮ ਮੁੱਦਾ ਬਣ ਕੇ ਉਭਰਿਆ ਹੈ। ਆਮ ਬਜਟ 2024-25 ’ਚ ਵੀ ਪੈਨਸ਼ਨ ਨੂੰ ਲੈ ਕੇ ਕੁਝ ਖਾਸ ਸੰਕੇਤ ਹਨ। ਅਸਿੱਧੇ ਤੌਰ ’ਤੇ ਇਹ ਤਾਂ ਸੰਕੇਤ ਦੇ ਦਿੱਤਾ ਗਿਆ ਹੈ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ। ਹੁਣੇ ਖ਼ਤਮ ਹੋਈਆਂ ਲੋਕ ਸਭਾ ਚੋਣਾਂ ਤੇ ਉਸ ਤੋਂ ਪਹਿਲਾਂ ਸੂਬਿਆਂ ਦੀਆਂ ਚੋਣਾਂ ’ਚ ਭਾਜਪਾ ਨੂੰ ਜਿਹੜੀ ਜਿੱਤ ਮਿਲੀ ਸੀ, ਉਸ ਨਾਲ ਸਰਕਾਰ ਪੈਨਸ਼ਨ ਦੇ ਮੁੱਦੇ ’ਤੇ ਹੁਣ ਬੈਕਫੁੱਟ ’ਤੇ ਨਹੀਂ ਹੈ। ਇਹੀ ਕਾਰਨ ਹੈ ਕਿ ਉਸਨੇ ਨਵੀਂ ਪੈਨਸ਼ਨ ਸਕੀਮ ’ਚ ਹੀ ਕੁਝ ਬਦਲਾਅ ਕਰਨ ਦੀ ਗੱਲ ਕਹੀ ਹੈ। ਵਿੱਤ ਮੰਤਰੀ ਨਿਰਮਲਾਸੀਤਾਰਮਨ ਨੇ ਕਿਹਾ ਹੈ ਕਿ ਐੱਨਪੀਐੱਸ ਦੀ ਸਮੀਖਿਆ ਲਈ ਗਠਿਤ ਕਮੇਟੀ ਨੇ ਆਪਣੇ ਕੰਮ ’ਚ ਕਾਫ਼ੀ ਪ੍ਰਗਤੀ ਕੀਤੀ ਹੈ. ਇਸ ਵਿਚ ਕੇਂਦਰੀ ਸਰਕਾਰੀ ਮੁਲਾਜ਼ਮਾਂ ਵਲੋਂ ਵੀ ਰਚਨਾਤਮਕ ਦ੍ਰਿਸ਼ਟੀਕੋਣ ਵਾਲਾ ਸੁਝਾਅ ਮਿਲਿਆ ਹੈ। ਹੁਣ ਇਕ ਅਜਿਹਾ ਹੱਲ ਕੱਢਿਆ ਜਾਏਗਾ ਜਿਸ ਨਾਲ ਪ੍ਰਾਸੰਗਿਕ ਮੁੱਦਿਆਂ ਦਾ ਹੱਲ ਹੋਵੇਗਾ ਤੇ ਨਾਲ ਹੀ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਰਾਜਕੋਸ਼ੀ ਦੂਰਦਰਸ਼ਿਤਾ ਵੀ ਬਣਾ ਕੇ ਰੱਖੀ ਜਾਏਗੀ।

ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਮਾਤਾ-ਪਿਤਾ ਵਲੋਂ ਬਾਲਿਗ ਬੱਚਿਆਂ ਲਈ ਅੰਸ਼ਦਾਨ ’ਤੇ ਆਧਾਰਤ ਐੱਨਪੀਐੱਸ-ਵਾਤਸਲਯ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬਾਲਿਗ ਹੋਣ ’ਤੇ ਇਸ ਯੋਜਨਾ ਨੂੰ ਆਸਾਨੀ ਨਾਲ ਇਕ ਸਾਧਾਰਨ ਐੱਨਪੀਐੱਸ ਖਾਤੇ ’ਚਬਦਲਿਆ ਜਾ ਸਕੇਗਾ। ਸਰਕਾਰ ਦਾ ਇਹ ਫ਼ੈਸਲਾ ਪੈਨਸ਼ਨ ਨੂੰ ਲੈ ਕੇ ਮੌਜੂਦਾ ਵਿਚਾਰ ਦਾ ਇਕ ਵਿਵਹਾਰਕ ਹੱਲ ਕੱਢਣ ਦੀ ਕੋਸ਼ਿਸ਼ ਹੈ। ਹਾਲੇ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਨੌਕਰੀ ’ਚ ਆਉਣ ਦੇ ਬਾਅਦ ਆਮ ਤੌਰ ’ਤੇ ਲੋਕ ਖਾਤਾ ਖੋਲ੍ਹਦੇ ਹਨ। ਪਰ ਐੱਨਪੀਐੱਸ-ਵਾਤਸਲਯ ਦੇ ਤਹਿਤ ਬਚਪਨ ਤੋਂ ਹੀ ਬੁਢਾਪੇ ’ਚ ਆਉਣ ਵਾਲੀ ਪੈਨਸ਼ਨ ਲਈ ਪੈਸਾ ਜਮ੍ਹਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਾਏਗੀ। ਜਾਣਕਾਰ ਦੱਸ ਰਹੇ ਹਨ ਕਿ ਇਹਸਾਲ 2040 ਦੇ ਬਾਅਦ ਦੇ ਭਾਰਤ ਦੀ ਤਿਆਰੀ ਹੈ। ਹਾਲੀਆ ਜਾਰੀ ਇਕ ਰਿਪੋਰਟ ਦੇ ਮੁਤਾਬਕ, ਸਾਲ 2040 ਦੇ ਬਾਅਦ ਭਾਰਤ ’ਚ ਬਜ਼ੁਰਗਾਂ ਦੀ ਗਿਣਤੀ ’ਚ ਹੌਲੀ-ਹੌਲੀ ਇਜ਼ਾਫਾ ਹੋਣਾ ਸ਼ੁਰੂ ਹੋ ਜਾਏਗਾ। ਅਜਿਹੇ ’ਚ ਬਜ਼ੁਰਗਾਂ ਲਈ ਵਿੱਤੀ ਵਸੀਲੇ ਦੀ ਸਹੂਲਤ ਦਾ ਇੰਤਜ਼ਾਮ ਉਕਤ ਕਦਮ ਨਾਲ ਕੀਤਾ ਜਾ ਸਕੇਗਾ।