ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਨੇ ਪੰਜ ਸਾਲ ਪੁਰਾਣੇ ਮੈਡੀਕਲ ਟੈਸਟ ਦੀ ਵਰਤੋਂ ਕਰਕੇ ਨਵਾਂ ਟੈਸਟ ਕਰਵਾਉਣ ਤੋਂ ਛੋਟ ਲੈਣ ਸਬੰਧੀ ਨਿਯਮ ਸਪੱਸ਼ਟ ਕੀਤੇ ਹਨ। 22 ਸਤੰਬਰ 2026 ਨੂੰ ਅਪਡੇਟ ਕੀਤੀਆਂ ਹਦਾਇਤਾਂ ਅਨੁਸਾਰ, ਇਸ ਛੋਟ ਦਾ ਲਾਭ ਲੈਣ ਲਈ ਬਿਨੈਕਾਰ ਦਾ ਕੈਨੇਡਾ ਵਿੱਚ ਰਹਿਣਾ ਲਾਜ਼ਮੀ ਹੈ। ਜਿਹੜੇ ਲੋਕ ਕੈਨੇਡਾ ਵਿੱਚ ਪੜ੍ਹਾਈ ਜਾਂ ਨੌਕਰੀ ਕਰਨ ਤੋਂ ਬਾਅਦ ਵਿਦੇਸ਼ ਪਰਤ ਗਏ ਹਨ, ਉਹ ਸਿਰਫ਼ ਪੁਰਾਣੇ ਮੈਡੀਕਲ ਟੈਸਟ ਦੇ ਆਧਾਰ ’ਤੇ ਇਸ ਛੋਟ ਦਾ ਲਾਭ ਨਹੀਂ ਲੈ ਸਕਣਗੇ।
IRCC ਮੁਤਾਬਕ, ਇਹ ਛੋਟ ਉਨ੍ਹਾਂ ਯੋਗ ਬਿਨੈਕਾਰਾਂ ਲਈ ਹੈ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਇਮੀਗ੍ਰੇਸ਼ਨ ਮੈਡੀਕਲ ਟੈਸਟ ਕਰਵਾਇਆ ਹੋਵੇ ਅਤੇ ਜਿਨ੍ਹਾਂ ਦੀ ਪੁਰਾਣੀ ਰਿਪੋਰਟ ਵਿੱਚ ਜਨਤਕ ਸਿਹਤ ਜਾਂ ਸੁਰੱਖਿਆ ਲਈ ਘੱਟ ਜਾਂ ਕੋਈ ਖ਼ਤਰਾ ਨਾ ਹੋਣ ਦਾ ਮੁਲਾਂਕਣ ਕੀਤਾ ਗਿਆ ਹੋਵੇ। ਇਸ ਤੋਂ ਇਲਾਵਾ, ਬਿਨੈਕਾਰ ਨੂੰ ਕੈਨੇਡਾ ਵਿੱਚ ਰਹਿਣ ਸਮੇਤ ਨੀਤੀ ਦੀਆਂ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ। ਇਹ ਨਿਯਮ ਐਕਸਪ੍ਰੈੱਸ ਐਂਟਰੀ ਰਾਹੀਂ ਸਥਾਈ ਨਿਵਾਸ (PR) ਲਈ ਅਰਜ਼ੀ ਦੇਣ ਵਾਲਿਆਂ ਲਈ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ। ਕੈਨੇਡਾ ਵਿੱਚ ਰਹਿ ਰਹੇ ਯੋਗ ਬਿਨੈਕਾਰ ਆਪਣਾ ਪੁਰਾਣਾ ਮੈਡੀਕਲ ਜਾਂਚ ਨੰਬਰ (IME) ਜਾਂ ਯੂਨੀਕ ਮੈਡੀਕਲ ਆਈਡੈਂਟੀਫਾਇਰ (UMI) ਦੇ ਸਕਦੇ ਹਨ। ਹਾਲਾਂਕਿ, ਅੰਤਿਮ ਫ਼ੈਸਲਾ ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਨਵਾਂ ਮੈਡੀਕਲ ਟੈਸਟ ਵੀ ਮੰਗਿਆ ਜਾ ਸਕਦਾ ਹੈ।
ਕੈਨੇਡਾ ਸਰਕਾਰ ਨੇ ਇਹ ਅਸਥਾਈ ਛੋਟ 2022 ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਬੇਲੋੜੇ ਮੈਡੀਕਲ ਟੈਸਟਾਂ ਅਤੇ ਦੇਰੀ ਨੂੰ ਘਟਾਉਣ ਲਈ ਸ਼ੁਰੂ ਕੀਤੀ ਸੀ। ਇਸ ਨੂੰ 5 ਅਕਤੂਬਰ 2029 ਤੱਕ ਵਧਾਇਆ ਗਿਆ ਹੈ। IRCC ਅਨੁਸਾਰ, ਪਹਿਲੇ ਦੋ ਸਾਲਾਂ ਵਿੱਚ 2.86 ਲੱਖ ਤੋਂ ਵੱਧ ਬਿਨੈਕਾਰ ਇਸ ਨੀਤੀ ਦਾ ਲਾਭ ਲੈ ਚੁੱਕੇ ਹਨ। ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ IRCC ਦੀਆਂ ਤਾਜ਼ਾ ਹਦਾਇਤਾਂ ਦੀ ਜਾਂਚ ਕਰਨ। ਲੋੜੀਂਦੇ ਮੈਡੀਕਲ ਦਸਤਾਵੇਜ਼ ਜਾਂ ਜਾਣਕਾਰੀ ਨਾ ਦੇਣ ਕਾਰਨ ਅਰਜ਼ੀ ਅਧੂਰੀ ਮੰਨ ਕੇ ਰੱਦ ਹੋ ਸਕਦੀ ਹੈ।
New Condition Clarified For Canada Immigration Medical Test Exemption Applicants Residing Abroad Will Not Be Eligible For The Benefit
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)