ਹੈਦਰਾਬਾਦ ਚ ਵਿਦਿਆਰਥੀ ਨੇ ਕਲਾਸ ਚ ਕੀਤੀ ਖੁਦ.ਕੁਸ਼ੀ, ਪਰਿਵਾਰ ਨੇ ਅਧਿਆਪਕਾਂ ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

ਹੈਦਰਾਬਾਦ ਚ 11ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਕਲਾਸ ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਅਧਿਆਪਕ ਅਤੇ ਵਾਰਡਨ ਵਿਦਿਆਰਥੀ ਨੂੰ ਪ੍ਰੀਖਿਆ ਵਿਚ ਚੰਗੇ ਨੰਬਰ ਨਾ ਆਉਣ ਤੇਕੁੱਟਦੇ ਅਤੇ ਤੰਗ-ਪ੍ਰੇਸ਼ਾਨ ਕਰਦੇ ਸਨ। ਸੂਚਨਾ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ 10 ਵਜੇ ਤੋਂ ਬਾਅਦ ਵਾਪਰੀ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਤਵਿਕ ਦੇ ਰੂਪ ਚ ਹੋਈ ਹੈ। ਉਹ ਸ਼੍ਰੀ ਚੈਤੰਨਿਆ ਜੂਨੀਅਰ ਕਾਲਜ, ਨਰਸਿੰਘੀ ਚ ਪੜ੍ਹਦਾ ਸੀ ਅਤੇ ਕਾਲਜ ਦੇ ਹੋਸਟਲ ਵਿੱਚ ਹੀ ਰਹਿੰਦਾ ਸੀ। ਉਸ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਅਧਿਆਪਕ ਹਮੇਸ਼ਾ ਸਾਤਵਿਕ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਸ ਦੀ ਕੁੱਟਮਾਰ ਕਰਦੇ ਸਨ। ਜਿਸ ਕਾਰਨ ਉਹ ਕਾਫੀ ਡਿਪ੍ਰੈਸ਼ਨ ਚ ਸੀ।
ਉਨ੍ਹਾਂ ਦੱਸਿਆ ਕਿ ਉਹ 28 ਫਰਵਰੀ ਨੂੰ ਉਸ ਨੂੰ ਮਿਲਣ ਗਏ ਸੀ। ਇਸ ਦੌਰਾਨ ਸਾਤਵਿਕ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੋਸਟਲ ਦਾ ਖਾਣਾ ਠੀਕ ਨਹੀਂ ਹੈ। ਉਸਦੇ ਅਧਿਆਪਕ, ਵਾਰਡਨ ਉਸਨੂੰ ਝਿੜਕਦੇ ਅਤੇ ਕੁੱਟਦੇ ਰਹਿੰਦੇ ਹਨ। ਉਹ ਇਸ ਕਾਲਜ ਵਿੱਚ ਪੜ੍ਹਨਾ ਨਹੀਂ ਚਾਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਦੇਖਿਆ ਕਿ ਉਹ ਚਮੜੀ ਦੇ ਰੋਗ ਤੋਂ ਪੀੜਤ ਸੀ, ਇਸ ਲਈ ਉਨ੍ਹਾਂ ਨੇ ਉਸ ਲਈ ਦਵਾਈ ਵੀ ਲਈ ਸੀ। ਉਨ੍ਹਾਂ ਨੇ ਬੇਟੇ ਨੂੰ ਪੜ੍ਹਾਈ ਤੇ ਧਿਆਨ ਦੇਣ ਲਈ ਕਿਹਾ ਅਤੇ ਉਹ ਵਾਪਸ ਘਰ ਆ ਗਏ। ਉਸੇ ਦਿਨ ਦੇਰ ਰਾਤ ਉਸ ਨੂੰ ਫੋਨ ਆਇਆ ਕਿ ਉਸ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ ਹੈ।




