"ਕਹਿੰਦੇ ਹਨ ਕਿ ਕਿੰਨਰਾਂ ਦੀ ਦੁਆ ਚ ਕਾਫੀ ਤਾਕਤ ਹੁੰਦੀ ਹੈ। ਇਸੇ ਕਰਕੇ ਘਰ ਵਿਚ ਕਿਸੇ ਵੀ ਸ਼ੁੱਭ ਕਾਰਜ ਨੂੰ ਕਰਨ ਦੌਰਾਨ ਕਿੰਨਰ ਜ਼ਰੂਰੀ ਆਉਂਦੇ ਹਨ। ਜਿਵੇ ਕਿ ਕਿਸੇ ਦੇ ਘਰ ਕੋਈ ਤਿਉਹਾਰ, ਸ਼ਾਦੀ-ਵਿਆਹ ਜਾਂ ਕਿਸੇ ਦੇ ਘਰ ਬੱਚਾ ਪੈਦਾ ਹੋਣ ਤੇ ਇਹ ਆਪਣਾ ਆਸ਼ੀਰਵਾਦ ਦੇਣ ਉੱਥੇ ਪਹੁੰਚ ਹੀ ਜਾਂਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੀ ਮੰਗ ਵੀ ਪੂਰੀ ਕਰ ਦਿੰਦੇ ਹਨ ਤੇ ਕੁਝ ਲੋਕ ਇਨ੍ਹਾਂ ਨੂੰ ਭਜਾ ਦਿੰਦੇ ਹਨ। ਕਿੰਨਰਾਂ ਨੂੰ ਸਾਡੇ ਸਮਾਜ ਚ ਥਰਡ ਜੈਂਡਰ ਦਾ ਦਰਜਾ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਘੱਟ ਹੀ ਲੋਕ ਜਾਣਦੇ ਹਨ। ਕਿੰਨਰਾਂ ਦੇ ਰਹਿਣ-ਸਹਿਣ ਦੇ ਤਰੀਕੇ ਤੋਂ ਲੈਕੇ ਸਸਕਾਰ ਤਕ ਸਾਰੀਆਂ ਚੀਜ਼ਾਂ ਆਮ ਲੋਕਾਂ ਨਾਲੋਂ ਵੱਖ ਹੁੰਦੀਆਂ ਹਨ। ਮੰਨਿਆ ਜਾਂਦੈ ਕਿ ਇਨ੍ਹਾਂ ਕੋਲ ਅਧਿਆਤਮਕ ਤਾਕਤ ਹੁੰਦੀ ਹੈ ਜਿਸ ਰਾਹੀਂ ਉਨ੍ਹਾਂ ਨੂੰ ਆਪਣੀ ਮੌਤ ਦਾ ਆਭਾਸ ਪਹਿਲਾਂ ਹੀ ਹੋ ਜਾਂਦਾ ਹੈ। ਕਹਿੰਦੇ ਨੇ ਜਦੋਂ ਕਿਸੇ ਕਿੰਨਰ ਦੀ ਮੌਤ ਹੋਣ ਵਾਲੀ ਹੁੰਦੀ ਹੈ ਤਾਂ ਇਹ ਕਿਤੇ ਵੀ ਆਉਣਾ-ਜਾਣਾ ਬੰਦ ਕਰ ਦਿੰਦੇ ਹਨ। ਇੱਥੋਂ ਤਕ ਕਿ ਇਹ ਖਾਣਾ ਵੀ ਤਿਆਗ ਦਿੰਦੇ ਹਨ। ਇਸ ਦੌਰਾਨ ਇਹ ਸਿਰਫ਼ ਪਾਣੀ ਪੀਂਦੇ ਹਨ ਤੇ ਪਰਮਾਤਮਾ ਤੋਂ ਆਪਣੇ ਅਤੇ ਦੂਸਰੇ ਕਿੰਨਰਾਂ ਲਈ ਦੁਆ ਕਰਦੇ ਹਨ ਕਿ ਅਗਲੇ ਜਨਮ ਚ ਇਹ ਕਿੰਨਰ ਨਾ ਬਣਨ। ਦੱਸ ਦਈਏ ਕਿ ਕਿੰਨਰਾਂ ਚ ਦੇਹ ਨੂੰ ਸਾੜਨ ਦੀ ਬਜਾਏ ਦਫਨਾਇਆ ਜਾਂਦਾ ਹੈ। ਦੇਹ ਨੂੰ ਚਿੱਟੇ ਕੱਪੜੇ ਚ ਲਪੇਟਿਆ ਜਾਂਦਿਆ ਹੈ। ਇਸ ਦੌਰਾਨ ਧਿਆਨ ਰੱਖਿਆ ਜਾਂਦਾ ਹੈ ਕਿ ਦੇਹ ਨੂੰ ਕਿਸੇ ਵੀ ਚੀਜ਼ ਨਾਲ ਨਾ ਬੰਨ੍ਹਿਆ ਜਾਵੇ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮ੍ਰਿਤਕ ਦੀ ਆਤਮਾ ਮੁਕਤ ਹੋ ਸਕੇ। ਇਸ ਤੋਂ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਆਮ ਆਦਮੀ ਕਿਸੇ ਕਿੰਨਰ ਦੀ ਲਾਸ਼ ਨੂੰ ਦੇਖਦਾ ਹੈ ਤਾਂ ਉਹ ਮ੍ਰਿਤਕ ਅਗਲੇ ਜਨਮ ਚ ਵੀ ਕਿੰਨਰ ਹੀ ਰਹੇਗਾ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸੰਸਕਾਰ ਦੀਆਂ ਸਾਰੀਆਂ ਰਸਮਾਂ ਦੇਰ ਰਾਤ ਨੂੰ ਕੀਤੀਆਂ ਜਾਂਦੀਆਂ ਹਨ। ਕਿੰਨਰ ਭਾਈਚਾਰੇ ਦੇ ਲੋਕ ਸਸਕਾਰ ਤੋਂ ਪਹਿਲਾਂ ਦੇਹ ਨੂੰ ਜੁੱਤੀਆਂ-ਚੱਪਲਾਂ ਨਾਲ ਕੁੱਟਦੇ ਹਨ ਤਾਂ ਜੋ ਉਹ ਇਸ ਰੂਪ ਚ ਦੁਬਾਰਾ ਜਨਮ ਨਾ ਲੈ ਸਕੇ। ਸਾਰੇ ਕਿੰਨਰ ਉਸ ਦੀ ਦੇਹ ਕੋਲ ਖੜ੍ਹੇ ਹੋ ਕੇ ਉਸਦੀ ਮੁਕਤੀ ਲਈ ਆਪਣੇ ਦੇਵਤੇ ਦਾ ਧੰਨਵਾਦ ਕਰਦੇ ਹਨ। ਇਸ ਤੋਂ ਇਲਾਵਾ ਦਾਨ ਪੁੰਨ ਕੀਤਾ ਜਾਂਦਾ ਹੈ। ਕਿੰਨਰ ਭਾਈਚਾਰੇ ਚ ਕਿਸੇ ਦੀ ਮੌਤ ਦਾ ਜਸ਼ਨ ਮਨਾਉਣ ਦਾ ਰਿਵਾਜ ਹੈ। ਇਹ ਕਿੰਨਰ ਰੂਪੀ ਨਰਕ ਜੀਵਨ ਤੋਂ ਮੁਕਤੀ ਮਿਲਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਸਕਾਰ ਤੋਂ ਬਾਅਦ ਪੂਰਾ ਕਿੰਨਰ ਭਾਈਚਾਰਾ ਹਫ਼ਤੇ ਤਕ ਭੁੱਖਾ ਹੀ ਰਹਿੰਦਾ ਹੈ।"