ਗੁਰਦਾਸਪੁਰ ਵਿੱਚ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਇਸ ਵਾਰ ਬਾਜ਼ਾਰਾਂ ਵਿੱਚ ਪਿਛਲੇ ਵਰਗਾ ਜੋਸ਼ ਨਹੀਂ ਦੇਖਣ ਨੂੰ ਮਿਲ ਰਿਹਾ। ਆਨਲਾਈਨ ਖਰੀਦਦਾਰੀ ਦੇ ਵਧਦੇ ਕਰੇਜ਼ ਕਾਰਨ ਰੱਖੜੀ ਦੀ ਰੌਣਕ ਬਾਜ਼ਾਰਾਂ ਤੋਂ ਗਾਇਬ ਹੋਣ ਲੱਗੀ ਹੈ। ਇਹ ਤਿਉਹਾਰ ਸਿਰਫ ਭੈਣ ਭਰਾ ਦੇ ਪ੍ਰੇਮ ਦੀ ਨਿਸ਼ਾਨੀ ਨਹੀਂ, ਸਗੋਂ ਕਈ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣਦਾ ਸੀ। ਹੋਲਸੇਲ ਰੇਟ ‘ਤੇ ਰੱਖੜੀਆਂ ਲਿਆ ਕੇ ਗਲੀਆਂ-ਮੁਹੱਲਿਆਂ ‘ਚ ਫੜੀਆਂ ਲਾ ਕੇ ਵੇਚਣ ਵਾਲੇ ਲੋਕਾਂ ਤੋਂ ਲੈ ਕੇ ਦੁਕਾਨਦਾਰਾਂ ਤੱਕ, ਸਾਰਿਆਂ ਨੂੰ ਉਮੀਦ ਹੁੰਦੀ ਸੀ ਕਿ ਇਹ ਦਿਨ ਵਧੀਆ ਕਮਾਈ ਲਿਆਉਣਗੇ।
ਕਦੇ ਬਾਜ਼ਾਰਾਂ ‘ਚ ਰੱਖੜੀ ਤੋਂ 15-20 ਦਿਨ ਪਹਿਲਾਂ ਹੀ ਵਿਕਣੀ ਸ਼ੁਰੂ ਹੋ ਜਾਂਦੀ ਸੀ, ਪਰ ਹੁਣ ਆਨਲਾਈਨ ਖਰੀਦਦਾਰੀ ਨੇ ਇਹ ਤਸਵੀਰ ਬਦਲ ਦਿੱਤੀ ਹੈ। ਭੈਣਾਂ ਹੁਣ ਰੱਖੜੀ ਆਨਲਾਈਨ ਮੰਗਵਾਕੇ ਭਰਾਵਾਂ ਨੂੰ ਭੇਜ ਦਿੰਦੀਆਂ ਹਨ, ਜਦਕਿ ਭਰਾਵਾਂ ਵੱਲੋਂ ਵੀ ਮਿਠਾਈ ਜਾਂ ਤੋਹਫ਼ੇ ਆਨਲਾਈਨ ਹੀ ਭੇਜੇ ਜਾਂਦੇ ਹਨ। ਇਸ ਤਰੀਕੇ ਨੇ ਤਿਉਹਾਰ ਦੀ ਰੌਣਕ ਅਤੇ ਮੇਲ-ਮਿਲਾਪ ਦੀ ਪ੍ਰਥਾ ‘ਤੇ ਅਸਰ ਪਾਇਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਨਲਾਈਨ ਖਰੀਦਦਾਰੀ ਵਿੱਚ ਨਾ ਸਿਰਫ਼ ਨਕਲੀ ਸਮਾਨ ਦੀ ਭਰਮਾਰ ਹੈ, ਸਗੋਂ ਗਾਹਕ ਦੀਆਂ ਭਾਵਨਾਵਾਂ ਨਾਲ ਵੀ ਕੋਈ ਸਬੰਧ ਨਹੀਂ ਰੱਖਿਆ ਜਾਂਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਕੇ ਸਿਰਫ਼ ਤਿਉਹਾਰ ਦੀਆਂ ਖੁਸ਼ੀਆਂ ਨਹੀਂ, ਸਗੋਂ ਸਥਾਨਕ ਰੁਜ਼ਗਾਰ ਨੂੰ ਵੀ ਸਹਾਰਾ ਮਿਲਦਾ ਹੈ।





