ਵਿਰੋਧੀ ਧਿਰ ਅਡਾਨੀ ਮਾਮਲੇ ਤੇ ਸੰਸਦ ਚ ਹੰਗਾਮਾ ਕਰਨ ਦੇ ਮੂਡ ਚ ਹੈ। ਇਸ ਸਬੰਧੀ ਅੱਜ ਕਾਂਗਰਸ ਪਾਰਟੀ ਵੀ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਹੈ। ਸਾਰੇ ਕਾਂਗਰਸੀ ਆਗੂ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਲਆਈਸੀ ਅਤੇ ਐਸਬੀਆਈ ਦਫ਼ਤਰਾਂ ਅੱਗੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸਵੇਰੇ 9.30 ਵਜੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਬੁਲਾਈ ਹੈ। ਵਿਰੋਧੀ ਧਿਰ ਇੱਕ ਵਾਰ ਫਿਰ ਅਰਬਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਦੀ ਜਾਂਚ ਦੀ ਮੰਗ ਕਰ ਸਕਦੀ ਹੈ। ਵਿਰੋਧੀ ਪਾਰਟੀਆਂ ਦੀ ਫਲੋਰ ਮੀਟਿੰਗ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦੀ ਰਣਨੀਤੀ ਉਲੀਕਣਗੀਆਂ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਗਾਂਧੀ ਦੀ ਮੂਰਤੀ ਅੱਗੇ ਧਰਨਾ ਦੇਣਗੇ। ਵਿਰੋਧੀ ਪਾਰਟੀਆਂ ਦੀ ਮੰਗ ਹੈ ਕਿ ਅਡਾਨੀ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਦਰਅਸਲ ਸ਼ੁੱਕਰਵਾਰ (03 ਫਰਵਰੀ) ਨੂੰ ਅਡਾਨੀ ਮੁੱਦੇ ਤੇ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਅੱਜ ਫਿਰ ਵਿਰੋਧੀ ਧਿਰ ਕੇਂਦਰ ਨੂੰ ਘੇਰਨ ਦੀ ਰਣਨੀਤੀ ਬਣਾ ਰਹੀ ਹੈ। ਇਸ ਤੋਂ ਇਲਾਵਾ ਡਾਕੂਮੈਂਟਰੀ ਨੂੰ ਲੈ ਕੇ ਵੀ ਵਿਰੋਧੀ ਧਿਰ ਪੀਐਮ ਮੋਦੀ ਅਤੇ ਕੇਂਦਰ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ।