ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ NIA ਮੁਖੀ ਦਿਨਕਰ ਗੁਪਤਾ, ਪੰਜਾਬ ਚ ਪੈ ਰਹੇ ਛਾਪਿਆਂ ਬਾਰੇ ਧਾਰੀ ਚੁੱਪ

ਕੌਮੀ ਜਾਂਚ ਏਜੰਸੀ (NIA) ਦੇ ਮੁਖੀ ਦਿਨਕਰ ਗੁਪਤਾ ਐਤਵਾਰ ਨੂੰ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜ਼ਿਕਰ ਕਰ ਦਈਏ ਕਿ ਪੰਜਾਬ ਦੇ ਡੀਜੀਪੀ ਦੇ ਅਹੁਦੇ ਤੋਂ ਤਬਾਦਲਾ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਇਸ ਮੌਕੇ ਦਿਨਕਰ ਗੁਪਤਾ ਵੱਲੋਂ ਗੁਰੂਘਰ ਵਿੱਚ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਦੱਸ ਦਈਏ ਕਿ ਸੁਰੱਖਿਆ ਘੇਰੇ ਵਿੱਚ ਸ੍ਰੀ ਦਰਬਾਰ ਸਾਹਿਬ ਪੁੱਜੇ ਐਨਆਈਏ ਮੁਖੀ ਦਿਨਕਰ ਗੁਪਤਾ ਨੇ ਇਸ ਦੌਰਾਨ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਹੋ ਰਹੀਆਂ ਕਾਰਵਾਈਆਂ ਬਾਬਤ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤਾਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੀ ਐਨਆਈਏ ਮੁਖੀ ਦੇ ਨਾਲ ਸਨ। ਸਾਦੇ ਕੱਪੜਿਆਂ, ਅਸਮਾਨੀ ਨੀਲੀ ਕਮੀਜ਼ ਅਤੇ ਕਾਲੀ ਪੈਂਟ ਵਿੱਚ ਪਹੁੰਚੇ ਦਿਨਕਰ ਗੁਪਤਾ ਨੇ ਆਮ ਆਦਮੀ ਵਾਂਗ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਫਿਰ ਗੁਰੂਘਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਫੇਰੀ ਹੈ ਅਤੇ ਉਹ ਇੱਥੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਹਨ।ਇਸ ਦੌਰਾਨ ਐਨਆਈਏ ਮੁਖੀ ਤੋਂ ਪਿਛਲੇ ਦਿਨੀਂ ਪੰਜਾਬ ਸਮਤੇ ਉੱਤਰੀ ਭਾਰਤ ਵਿੱਚ ਐਨਆਈਏ ਦੀਆਂ ਹੋ ਰਹੀਆਂ ਕਾਰਵਾਈਆਂ ਬਾਬਤ ਤੇ ਖ਼ਾਲਸਾ ਏਡ ਦੇ ਦਫ਼ਤਰ ਉੱਤੇ ਕੀਤੀ ਗਈ ਛਾਪੇਮਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦਾ ਕੋਈ ਵੀ ਉੱਤਰ ਦੇਣਾ ਮੁਨਾਸਿਬ ਨਹੀਂ ਸਮਝਿਆ।




