ਚੰਦਰਯਾਨ-3 ਦੇ ਚੰਨ ਉੱਤੇ ਉਤਰਨ ਦੇ ਆਖ਼ਰੀ 15 ਮਿੰਟ ਕਿਉਂ ਅਹਿਮ ਹਨ

ਛੇਤੀ ਹੀ ਚੰਦਰਯਾਨ-3 ਲੈਂਡਰ ਚੰਨ ਦੇ ਦੱਖਣੀ ਧੁਰੇ ਦੇ ਨੇੜੇ 70 ਲੈਟੀਟਿਊਡ (ਵਿਥਕਾਰ) ਉੱਤੇ ਉੱਤਰੇਗਾ। ਇਸਰੋ ਚੰਦਰਯਾਨ-3 ਲੈਂਡਰ ਮੌਡਊਲ ਨੂੰ ਚੰਨ ਦੇ ਧਰਾਤਲ ਉੱਤੇ 23 ਅਗਸਤ ਵਾਲੇ ਦਿਨ 5 ਵਜੇ ਤੋਂ ਬਾਅਦ ਲੈਂਡ ਕਰਨ ਦੀ ਤਿਆਰੀ ਕਰ ਰਹੀ ਹੈ। ਚੰਦਰਯਾਨ-3 ਜੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ, 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ। ਪਰ ਇਸਦੇ ਉਤਰਨ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਪੇਚੀਦਾ ਹੈ। ਹੋਰ ਸ਼ਬਦਾਂ ਵਿੱਚ, ਜੇ ਚੰਦਰਯਾਨ-3 ਦਾ 40 ਦਿਨਾਂ ਦਾ ਸਫਰ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਹੈ ਤਾਂ ਇਸਦੇ ਚੰਨ ਉੱਤੇ ਉੱਤਰਨ ਦੇ ਆਖ਼ਰੀ 15 ਮਿੰਟ ਵੀ ਓਨੇ ਹੀ ਖ਼ਾਸ ਹਨ।
ਇਸਰੋ ਦੇ ਸਾਬਕਾ ਚੇਅਰਮੈਨ ਕੇ ਸਿਵਾਨ ਮੁਤਾਬਕ ਇਹ 15 ਮਿੰਟ ਬਹੁਤ ਔਖਿਆਈ ਭਰੇ ਹੋਣਗੇ। ਚੰਦਰਯਾਨ-3 ਨੂੰ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ 15 ਮਿੰਟਾਂ ਵਿੱਚ ਕਰਨੀ ਪਵੇਗੀ। ਸਾਲ 2019 ਵਿੱਚ ਜਦੋਂ ਚੰਦਰਯਾਨ-2 ਨੂੰ ਚੰਨ ਉੱਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਿਆ ਸੀ, ਜਦੋਂ ਇੱਕ ਮਾਮੂਲੀ ਜਿਹੀ ਤਕਨੀਕੀ ਖ਼ਰਾਬੀ ਕਾਰਨ ਇਹ ਸਫਲ ਨਾ ਹੋ ਸਕਿਆ। ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਨੂੰ ਅਜਿਹੀ ਕਿਸੇ ਦੁਰਘਟਨਾ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਛੋਟੀ ਤੋਂ ਛੋਟੀ ਗੱਲ ਵੱਲ ਵੱਧ ਧਿਆਨ ਦਿੱਤਾ ਗਿਆ ਹੈ।ਤੁਸੀਂ ਕਿਸੇ ਜਹਾਜ਼ ਜਾਂ ਕਿਸੇ ਹੋਰ ਚੀਜ਼ ਨੂੰ ਧਰਤੀ ਉੱਤੇ ਉੱਤਰਦੇ ਵੇਖਿਆ ਹੋਵੇਗਾ। ਜਹਾਜ਼ ਹੌਲੀ-ਹੌਲੀ ਥੱਲੇ ਆਉਂਦਿਆਂ ਅੱਗੇ ਵਧਦਾ ਹੈ ਅਤੇ ਹੌਲੀ-ਹੌਲੀ ਰਨਵੇਅ ਉੱਤੇ ਉੱਤਰਦਾ ਹੈ। ਸਕਾਈਡਾਈਵਿੰਗ ਕਰਨ ਲਈ ਜਹਾਜ਼ ਤੋਂ ਛਾਲ ਮਾਰਨ ਵਾਲੇ ਸਕਾਈਡਾਈਵਰ ਧਰਤੀ ਉੱਤੇ ਪੈਰਾਸ਼ੂਟ ਰਾਹੀਂ ਉੱਤਰਦੇ ਹਨ।
ਇਹ ਦੋਵੇਂ ਤਰੀਕੇ, ਧਰਤੀ ਤੇ ਸੰਭਵ ਹਨ, ਪਰ ਚੰਨ ਉੱਤੇ ਨਹੀਂ ਕਿਉਂਕਿ ਚੰਨ ਦਾ ਕੋਈ ਵਾਯੂਮੰਡਲ ਨਹੀਂ ਹੈ ਇਸ ਲਈ ਲੈਂਡਰ ਨੂੰ ਹਵਾ ਵਿੱਚ ਉਡਾਰੀ ਭਰਦਿਆਂ ਉਤਾਰਨਾ ਸੰਭਵ ਨਹੀਂ ਹੈ, ਪਰ ਲੈਂਡਰ ਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਜਾ ਸਕਦਾ ਹੈ। ਇਸ ਲਈ ਨਿਊਟਨ ਦੇ ਗਤੀ ਦੇ ਤੀਜੇ ਨਿਯਮ ਮੁਤਾਬਕ, ਲੈਂਡਰ ਚੰਨ ਦੇ ਤਲ ਉੱਤੇ ਉੱਤਰਨਾ ਚਾਹੀਦਾ ਹੈ। ਇਸ ਲਈ ਚੰਦਰਯਾਨ-3 ਦੇ ਵਿੱਚ ਰਾਕੇਟ ਲਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਲੈਂਡਰ ਦੀ ਰਫਤਾਰ ਨੂੰ ਕਾਬੂ ਵਿੱਚ ਰੱਖਿਆ ਜਾਵੇਗਾ ਅਤੇ ਚੰਨ ਉੱਤੇ ਉੱਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਲੱਖਾਂ ਮੀਲ ਦੂਰ ਮੰਗਲਯਾਨ ਨੂੰ ਵੀ ਵਿਗਿਆਨੀ ਧਰਤੀ ਦੇ ਡੀਪ ਸਪੇਸ ਨੈਟਵਰਕ ਤੋਂ ਕੰਟ੍ਰੋਲ ਕਰਦੇ ਹਨ। ਚੰਦਰਯਾਨ-3 ਨੂੰ ਆਕਾਸ਼ ਵਿੱਚ ਛੱਡਣ ਤੋਂ ਲੈ ਕੇ ਇਸ ਦਾ ਚੰਨ ਦੇ ਤਲ ਉੱਤੇ ਉਤਰਨ ਦਾ ਆਪਣਾ ਸਫ਼ਰ ਸ਼ੁਰੂ ਕਰਨ ਤੱਕ, ਇਸਦੀ ਰਫਤਾਰ ਅਤੇ ਦਿਸ਼ਾ ਨੂੰ ਰਾਕੇਟਾਂ ਰਾਹੀਂ ਵਿਗਿਆਨੀਆਂ ਨੇ ਆਪਣੇ ਕਾਬੂ ਵਿੱਚ ਰੱਖਿਆ। ਪਰ ਲੈਂਡਿੰਗ ਵੇਲੇ ਇਸ ਨੂੰ ਇਸ ਤਰੀਕੇ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਨੂੰ ਆਪਣੇ-ਆਪ ਲੈਂਡ ਹੋਣ ਲਈ ਤਿਆਰ ਕੀਤਾ ਗਿਆ ਹੈ। ਅਜਿਹੀ ਹੀ ਤਕਨੀਕ ਚੰਦਰਯਾਨ-2 ਵਿੱਚ ਵੀ ਵਰਤੀ ਗਈ ਸੀ ਪਰ ਆਖ਼ਰੀ ਮੌਕੇ ਤੇ ਇੱਕ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ ਸੀ। ਇਸਰੋ ਚੇਅਰਮੈਨ ਨੇ ਕਿਹਾ ਕਿ ਚੰਦਰਯਾਨ-3 ਵਿੱਚ ਅਜਿਹੀ ਕੋਈ ਖ਼ਰਾਬੀ ਨਾ ਆਵੇ ਇਸ ਦਾ ਪ੍ਰਬੰਧ ਕੀਤਾ ਗਿਆ ਹੈ।




