ਲੁਧਿਆਣਾ : ਬਠਿੰਡਾ ਵਿਖੇ ਹੋਏ ਪਲਾਟ ਅਲਾਟਮੈਂਟ ਘੋਟਾਲੇ ਵਿੱਚ ਬੇਸ਼ੱਕ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਮਾਨਤ ਮਿਲ ਗਈ ਹੈ ਪਰ ਅਜੇ ਵੀ ਦੋ ਦੋਸ਼ੀ ਫਰਾਰ ਨੇ ਜਿਨ੍ਹਾਂ ਵਿੱਚ ਇੱਕ ਪੀਸੀਐਸ ਅਤੇ ਇੱਕ ਸੁਪਰਿਟੇਂਡੈਂਟ ਪੱਧਰ ਦਾ ਅਧਿਕਾਰੀ ਹੈ I ਵਿਜੀਲੈਂਸ ਵਿਭਾਗ ਵਲੋਂ ਸੁਪਰਿਟੇਂਡੈਂਟ ਪੰਕਜ ਕਾਲੀਆ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ਅਤੇ ਲੁਧਿਆਣਾ ਸਥਿਤ ਉਸਦੇ ਘਰ ਤੇ ਵੀ ਰੇਡ ਹੋਈ ਹੈ ਪਰ ਪੰਕਜ ਕਾਲੀਆ ਅਜੇ ਵੀ ਫਰਾਰ ਹੈ I ਪੰਕਜ ਕਾਲੀਆ ਪਹਿਲਾਂ ਬਠਿੰਡਾ ਵਿਖੇ ਤਾਇਨਾਤ ਸੀ ਅਤੇ ਪਲਾਟ ਅਲਲਾਟਮੈਂਟ ਘੋਟਾਲੇ ਵਿੱਚ ਘਪਲਾ ਕਰਨ ਦਾ ਮੁੱਖ ਦੋਸ਼ੀ ਹੈ I ਬਠਿੰਡਾ ਤੋਂ ਬਾਅਦ ਪੰਕਜ ਕਾਲੀਆ ਦੀ ਲੁਧਿਆਣਾ ਵਿਖੇ ਗਲਾਡਾ ਵਿੱਚ ਬਦਲੀ ਹੋ ਗਈ ਸੀ ਅਤੇ ਹੁਣ ਪੰਕਜ ਕਾਲੀਆ ਜਲੰਧਰ ਵਿਖੇ ਤਾਇਨਾਤ ਸੀ I
ਪੰਕਜ ਕਾਲੀਆ ਤੇ ਕੇਸ ਦਰਜ ਹੋਣ ਤੋਂ ਬਾਅਦ ਲੁਧਿਆਣਾ ਦੀ ਪ੍ਰੋਪਰਟੀ ਡੀਲਰ ਬਹੁਤ ਖੁਸ਼ ਨੇ I ਸ਼ਹਿਰ ਦੇ ਇੱਕ ਪ੍ਰੋਪਰਟੀ ਡੀਲਰ ਨੇ ਕਿਹਾ ਕਿ ਜਦੋਂ ਪੰਕਜ ਕਾਲੀਆ ਲੁਧਿਆਣਾ ਵਿਖੇ ਤਾਇਨਾਤ ਸੀ ਤਾਂ ਉਹ ਬਿਨ੍ਹਾਂ ਪੈਸੇ ਤੋਂ ਕੋਈ ਵੀ ਕੰਮ ਨਹੀਂ ਸੀ ਕਰਦਾ I ਪੰਕਜ ਕਾਲੀਆ ਵੱਡੇ ਅਫਸਰਾਂ ਦੇ ਨਾਮ ਤੇ ਵੀ ਪੈਸੇ ਮੰਗਦਾ ਸੀ ਅਤੇ ਜਦੋਂ ਤੱਕ ਉਸਨੂੰ ਪੈਸੇ ਨਾ ਦਿੱਤੇ ਜਾਣ ਤਾਂ ਕੋਈ ਵੀ ਫਾਈਲ ਅੱਗੇ ਨਹੀਂ ਸੀ ਜਾਂਦੀ I ਹੋਰ ਤਾਂ ਹੋਰ ਪੰਕਜ ਕਾਲੀਆ ਸੌਖੇ ਕੰਮ ਨੂੰ ਵੀ ਉਲਝਾ ਦਿੰਦਾ ਸੀ ਅਤੇ ਗਲਾਡਾ ਦਫ਼ਤਰ ਕੰਮ ਕਰਵਾਉਣ ਆਏ ਪ੍ਰੋਪਰਟੀ ਡੀਲਰ ਅਤੇ ਲੋਕਾਂ ਤੋਂ ਖੂਬ ਪੈਸੇ ਠੱਗਦਾ ਸੀ I
ਪੰਕਜ ਕਾਲੀਆ ਖੁਦ ਨੂੰ ਕਿਸੇ ਸਾਬਕਾ ਮੰਤਰੀ ਦਾ ਰਿਸ਼ਤੇਦਾਰ ਦੱਸਦਾ ਸੀ ਅਤੇ ਇਹ ਕਹਿੰਦਾ ਸੀ ਕਿ ਗਲਾਡਾ ਅਤੇ ਪੁੱਡਾ ਵਿੱਚ ਕੋਈ ਵੀ ਕੰਮ ਉਸਦੀ ਮਰਜ਼ੀ ਤੋਂ ਬਿਨ੍ਹਾਂ ਨਹੀਂ ਹੁੰਦਾ I ਫਿਲਹਾਲ ਪੰਕਜ ਕਾਲੀਆ ਫਰਾਰ ਹੈ ਅਤੇ ਉਸਦੀ ਗ੍ਰਿਫਤਾਰੀ ਲਾਇ ਵਿਜੀਲੈਂਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ I





