ਮਕਬੂਲਪੁਰਾ ਥਾਣਾ ਪੁਲਿਸ ਨੇ ਭਾਰਤੀ ਖੁਫੀਆ ਸੂਚਨਾਵਾਂ ਪਾਕਿਸਤਾਨ ਭੇਜਣ ਦੇ ਦੋਸ਼ 'ਚ ਦੀਪ ਸਿੰਘ ਉਰਫ ਦੀਪੂ ਵਾਸੀ ਛੇਹਰਟਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਜਿਸ ਵਿਚ ਪਾਕਿਸਤਾਨ ਦੇ ਕਈ ਮੋਬਾਈਲ ਨੰਬਰ ਬਰਾਮਦ ਹੋਏ ਹਨ। ਮੁਲਜ਼ਮ ਪਾਕਿਸਤਾਨ 'ਚ ਬੈਠੇ ਕਈ ਲੋਕਾਂ ਨਾਲ ਗੱਲਬਾਤ ਕਰਦਾ ਸੀ।
ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਾਕਿਸਤਾਨ ਸਥਿਤ ਸਮੱਗਲਰਾਂ ਅਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਸੰਪਰਕ 'ਚ ਹੈ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਕਤ ਦੋਸ਼ੀ ਇਸ 'ਚ ਸ਼ਾਮਲ ਪਾਇਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਭਾਰਤੀ ਫੌਜ ਦੀਆਂ ਕਈ ਖੁਫੀਆ ਸੂਚਨਾਵਾਂ ਪਾਕਿਸਤਾਨ ਨੂੰ ਦਿੰਦਾ ਸੀ। ਹੁਣ ਤਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀ ਪਾਕਿਸਤਾਨ 'ਚ ਬੈਠੇ ਲੋਕਾਂ ਨਾਲ ਗੱਲਬਾਤ ਕਰਦਾ ਸੀ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਨੇ ਉੱਥੇ ਕਿੰਨੀ ਜਾਣਕਾਰੀ ਦਿੱਤੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਉਸ ਦਾ ਆਈਐਸਆਈ ਏਜੰਸੀਆਂ ਨਾਲ ਕੋਈ ਸੰਪਰਕ ਹੈ।





