ਪਿੰਡ ਅਕਾਲਗੜ੍ਹ ਵਿਖੇ ਬਣੀ ਸੰਤ ਬਾਬਾ ਭਗਤ ਸਿੰਘ ਦੀ ਯਾਦਗਰ ਤੋਂ ਚੋਲਾ ਸਾਹਿਬ ਅਤੇ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਕੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਥਾਣਾ ਸਦਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 380,295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੇ ਅਜਿਹਾ ਕਿਉਂ ਕੀਤਾ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਵੀਰ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਅਕਾਲਗੜ੍ਹ ਨੇ ਦੱਸਿਆ ਕਿ ਪਿੰਡ ’ਚ ਸੰਤ ਬਾਬਾ ਭਗਤ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਜਿਸ ਵਿੱਚ ਬਾਬਾ ਜੀ ਦਾ ਚੋਲਾ ਅਤੇ ਖੜਾਵਾ (ਸੋਟੀ) ਪਈਆਂ ਸਨ।
ਸ਼ੁੱਕਰਵਾਰ ਸਵੇਰੇ ਚਾਰ ਵਜੇ ਉਹ ਯਾਦਗਾਰੀ ਗੁਰਦੁਆਰਾ ਸਾਹਿਬ ਜੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ ਤਾਂ ਕੁਝ ਸਮੇਂ ਬਾਅਦ ਉਸਦੇ ਪਿੰਡ ਦਾ ਹੀ ਵਿਅਕਤੀ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਗੁਰਦੁਆਰਾ ਸਾਹਿਬ ਆਇਆ ਅਤੇ ਸੋਟੀ ਚੁੱਕ ਕੇ ਜਾਣ ਲੱਗਾ। ਪਿੰਡ ਦੇ ਪਤਵੰਤਿਆਂ ਨੇ ਸਤਿਕਾਰ ਸਹਿਤ ਉਸ ਕੋਲੋਂ ਸੋਟੀ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਰੱਖ ਦਿੱਤੀ। ਫਿਰ ਅੰਦਰ ਜਾ ਕੇ ਦੇਖਿਆ ਕਿ ਚੋਲਾ ਸਾਹਿਬ ਉਥੇ ਨਹੀਂ ਸੀ। ਜਦੋਂ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਬਲਜੀਤ ਸਿੰਘ ਨੂੰ ਚੋਲਾ ਸਾਹਿਬ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਚੋਲਾ ਸਾਹਿਬ ਨੂੰ ਆਪਣੇ ਘਰ ਲੈ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦਾ ਸਾਰਾ ਸਮਾਨ ਅਤੇ ਚੋਲਾ ਸਾਹਿਬ ਨੂੰ ਅੱਗ ਲਗਾ ਦਿੱਤੀ ਹੈ।
ਜਦੋਂ ਪਿੰਡ ਦੇ ਸਰਪੰਚ ਅਤੇ ਪਤਵੰਤੇ ਉਸਦੇ ਘਰ ਗਏ ਤਾਂ ਦੇਖਿਆ ਕਿ ਚੋਲਾ ਸਾਹਿਬ ਅਤੇ ਗੁਟਕਾ ਸਾਹਿਬ ਅਗਨ ਭੇਟ ਹੋ ਗਏ ਸਨ। ਇਸ ਦੇ ਨਾਲ ਹੀ ਘਰ ਦਾ ਸਾਰਾ ਸਮਾਨ ਵੀ ਸੜ ਗਿਆ। ਗੁਟਕਾ ਸਾਹਿਬ ਅੱਧਾ ਸੜ ਗਿਆ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਕਾਲਗੜ੍ਹ ਦੇ ਖ਼ਿਲਾਫ਼ ਬੇਅਦਬੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ।





