ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਯੂਟੀ ਪ੍ਰਸ਼ਾਸਕ ਦੀ ਇਜਾਜ਼ਤ ਤੋਂ ਬਾਅਦ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਨਿਤਿਨ ਕੁਮਾਰ ਯਾਦਵ ਨੇ ਵੀ ਬੁੱਧਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਚੰਡੀਗੜ੍ਹ ਦੇ ਨਵੇਂ ਸਲਾਹਕਾਰ ਦੀ ਨਿਯੁਕਤੀ ਤੱਕ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੇਂਦਰ ਸਰਕਾਰ ਨੇ ਅਜੇ ਤੱਕ ਨਵੇਂ ਸਲਾਹਕਾਰ ਸਬੰਧੀ ਕਿਸੇ ਵੀ ਆਈਏਐੱਸ ਅਧਿਕਾਰੀ ਦੇ ਨਾਂ ਨੂੰ ਅੰਤਿਮ ਪ੍ਰਵਾਨਗੀ ਨਹੀਂ ਦਿੱਤੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਡਾ.ਧਰਮਪਾਲ ਮੰਗਲਵਾਰ ਨੂੰ ਸੇਵਾਮੁਕਤ ਹੋ ਗਏ। ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਸਲਾਹਕਾਰ ਸਬੰਧੀ ਕੋਈ ਫੈਸਲਾ ਨਾ ਲਏ ਜਾਣ ਤੋਂ ਬਾਅਦ ਦੇਰ ਸ਼ਾਮ ਪ੍ਰਸ਼ਾਸਕ ਨੇ ਗ੍ਰਹਿ ਸਕੱਤਰ ਨੂੰ ਸਲਾਹਕਾਰ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪਣ ਦੀ ਇਜਾਜ਼ਤ ਦੇ ਦਿੱਤੀ ਸੀ।

ਕੇਂਦਰ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਨਵੇਂ ਸਲਾਹਕਾਰ ਬਾਰੇ ਫੈਸਲਾ ਲਿਆ ਜਾਵੇਗਾ। ਚਾਰ ਤੋਂ ਪੰਜ ਆਈਏਐੱਸ ਅਧਿਕਾਰੀ ਨਵੇਂ ਸਲਾਹਕਾਰ ਦੀ ਦੌੜ ਵਿੱਚ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਕੰਮ ਕਰ ਰਹੇ ਡਾ: ਸ਼ਰਤ ਚੌਹਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾਂਦੇ ਹਨ। ਗੋਆ ਦੇ ਮੁੱਖ ਸਕੱਤਰ ਡਾ.ਪੁਨੀਤ ਗੋਇਲ ਤੇ ਦਿੱਲੀ ਵਿੱਚ ਕੰਮ ਕਰ ਰਹੇ ਆਈਏਐੱਸ ਅਧਿਕਾਰੀ ਅਸ਼ਵਨੀ ਕੁਮਾਰ ਦੇ ਨਾਂ ਵੀ ਦੌੜ ਵਿੱਚ ਹਨ।

ਚੰਡੀਗੜ੍ਹ ਪ੍ਰਸ਼ਾਸਨ ਦੇ ਇਤਿਹਾਸ ਵਿੱਚ ਸਿਰਫ਼ ਦੂਜੀ ਵਾਰ ਸਲਾਹਕਾਰ ਦੇ ਅਹੁਦੇ ’ਤੇ ਨਿਯੁਕਤੀ ਸਮੇਂ ਸਿਰ ਨਾ ਹੋਣ ਕਾਰਨ ਇਹ ਜ਼ਿੰਮੇਵਾਰੀ ਗ੍ਰਹਿ ਸਕੱਤਰ ਨੂੰ ਸੌਂਪੀ ਗਈ ਹੈ। 2003 ਵਿੱਚ ਹਰਿਆਣਾ ਦੇ ਸਾਬਕਾ ਗ੍ਰਹਿ ਸਕੱਤਰ ਤੇ ਸੀਨੀਅਰ ਆਈਏਐੱਸ ਅਧਿਕਾਰੀ ਆਰਐੱਸ ਗੁਜਰਾਲ ਨੂੰ ਕਰੀਬ ਡੇਢ ਮਹੀਨੇ ਲਈ ਸਲਾਹਕਾਰ ਬਣਾਇਆ ਗਿਆ। ਸੂਤਰਾਂ ਅਨੁਸਾਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਚੰਡੀਗੜ੍ਹ ਦੇ ਸਭ ਤੋਂ ਤਾਕਤਵਰ ਸਲਾਹਕਾਰ ਅਹੁਦੇ ’ਤੇ ਨਿਯੁਕਤੀ ਵਿੱਚ ਦੇਰੀ ਹੋ ਰਹੀ ਹੈ।