ਪੰਜਾਬ ਅਤੇ ਦਿੱਲੀ ਵਿਚ ਲੋਕ ਸਭਾ ਚੋਣਾਂ ਲਈ ਗਠਜੋੜ ਤੋਂ ਪਹਿਲਾਂ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਗਠਜੋੜ ਦੀ ਗੱਲਬਾਤ ਸਿਰੇ ਲੱਗਣ ਦੀਆਂ ਕਨਸੋਆਂ ਹਨ ਹਾਲਾਂਕਿ ਅਧਿਕਾਰਤ ਤੌਰ ’ਤੇ ਇਸਦੀ ਪੁਸ਼ਟੀ ਨਹੀਂ ਹੋਈ। ਜੇਕਰ ਸਮਝੌਤਾ ਹੁੰਦਾ ਹੈ ਤਾਂ ਚੰਡੀਗੜ੍ਹ 'ਚ ਮੇਅਰ ਆਪ ਦਾ ਹੋਵੇਗਾ ਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਹੋਣਗੇ।
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਾਵਨ ਬਾਂਸਲ ਨੇ ਬਾਬੂਸ਼ਾਹੀ ਨੈਟਵਰਕ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗਠਜੋੜ ਲਈ ਜੋ ਸਮੁੱਚੀ ਗੱਲਬਾਤ ਚੱਲ ਰਾਹੀਂ ਹੈ ਇਸ ਵਿੱਚ ਚੰਡੀਗੜ੍ਹ ਮੇਅਰ ਦੀ ਚੋਣ ਅਤੇ ਇਸ ਵਿੱਚ ਸਾਂਝ ਉਮੀਦਵਾਰ ਖੜ੍ਹਾ ਕਰਨ ਵੀ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਛੇਤੀ ਹੀ ਕੋਈ ਫੈਸਲਾ ਆਏਗਾ ਪਰ ਅਜੇ ਤਕ ਅੰਤਿਮ ਨਿਰਣੇ ਦੀ ਉਡੀਕ ਹੈ.ਸਵੇਰੇ 9 ਵਜੇ ਤਕ ਇਹ ਗੱਲਬਾਤ ਹੋਣ ਤਕ ਕੋਈ ਰਸਮਮੀ ਐਲਾਨ ਦਿੱਲੀ ਤੋਂ ਨਹੀਂ ਸੀ ਹੋਇਆ । ਚੰਡੀਗੜ੍ਹ ਆਪ ਦੇ ਇੰਚਾਰਜ ਡਾਕਟਰ ਸੰਨੀ ਆਹਲੂਵਾਲੀਆ ਨੇ ਵੀ ਦੱਸਿਆ ਕਿ ਮੇਅਰ ਦੀ ਚੋਣ ਲਈ ਗਠਜੋੜ ਬਾਰੇ ਅੰਤਿਮ ਨਿਰਣਾ ਸੋਮਵਾਰ ਦੁਪਹਿਰ ਤਕ ਆਉਣ ਦੀ ਉਮੀਦ ਹੈ ।
8 ਸਾਲਾਂ ਵਿਚ ਭਾਜਪਾ ਦੀ ਪਹਿਲੀ ਵਾਰ ਹਾਰ ਦੀ ਸੰਭਾਵਨਾ : ਰਿਪੋਰਟ ਮੁਤਾਬਕ ਪਿਛਲੇ 8 ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ ਚਲਿਆ ਆ ਰਿਹਾ ਹੈ ਪਰ ਹੁਣ ਕਾਂਗਰਸ ਤੇ ਆਪ ਵਿਚਾਲੇ ਗਠਜੋੜ ਹੋਣ ਨਾਲ ਭਾਜਪਾ ਪਹਿਲੀ ਵਾਰ ਹਾਰ ਸਕਦੀ ਹੈ । ਨਗਰ ਨਿਗਮ ਵਿਚ ਭਾਜਪਾ ਦੇ 15 ਕੌਂਸਲਰ ਹਨ, ਆਪ ਦੇ 13 ਅਤੇ ਕਾਂਗਰਸ ਦੇ 7 ਤੇ 1 ਅਕਾਲੀ ਦਲ ਦਾ ਕੌਂਸਲਰ ਹੈ। 18 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ ਹੈ।





