ਜਦੋਂ ਪੰਜਾਬ ਅੰਦਰ ਕਿਸੇ ਵੀ ਰਾਜਸੀ ਪਾਰਟੀ ਨੇ ਸਰਕਾਰ ਬਣਾਉਂਣੀ ਹੁੰਦੀ ਹੈ ਤਾਂ ਵਾਅਦਿਆਂ ਦੀ ਅਜਿਹੀ ਝੜੀ ਲਗਾਈ ਜਾਂਦੀ ਹੈ ਕਿ ਪੰਜਾਬ ਦੇ ਭੋਲੇ-ਭਾਲੇ ਲੋਕ ਇਨ੍ਹਾਂ ਸਿਆਸੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਠੱਗੇ ਜਾਂਦੇ ਹਨ, ਜਿਵੇਂ ਇਸ ਵਾਰ ਫਿਰ ਪੰਜਾਬ ਦੇ ਲੋਕ ਬਦਲਾਅ ਦੇ ਨਾਂ ਹੇਠ ‘ਆਪ’ ਦੀ ਸਰਕਾਰ ਬਣਾ ਕੇ ਠੱਗੇ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪਰਮਿੰਦਰ ਸਿੰਘ ਪਾਲ ਮਾਜਰਾ ਸੂਬਾ ਜਨਰਲ ਸਕੱਤਰ, ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਗੁਰਸੇਵਕ ਸਿੰਘ ਮੰਜਾਲੀਆਂ ਪ੍ਰਧਾਨ ਬਲਾਕ ਸਮਰਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਕੱਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਬਿਜਲੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੈ। ਖਾਸ ਕਰਕੇ ਪਿੰਡਾਂ ਦੇ ਲੋਕਾਂ ਨੇ ਸਵੇਰ ਮੌਕੇ ਉਠ ਪਸ਼ੂਆਂ ਨੂੰ ਪੱਠੇ ਪਾਉਣੇ, ਦੁੱਧ ਦੀ ਚੁਆਈ ਕਰਨੀ ਆਦਿ ਕੰਮਕਾਜ ਕਰਨੇ ਹੁੰਦੇ ਹਨ, ਬਿਜਲੀ ਨਾ ਹੋਣ ਕਾਰਨ ਮਹਿੰਗੇ ਭਾਅ ਦੇ ਡੀਜ਼ਲ ਫੂਕ ਕੇ ਕੰਮ ਨਿਪਟਾਉਣੇ ਪੈਂਦੇ ਹਨ। ਇਹੀ ਹਾਲ ਸ਼ਾਮ ਮੌਕੇ ਹੁੰਦਾ ਹੈ।
ਪਰਮਿੰਦਰ ਸਿੰਘ ਪਾਲ ਮਾਜਰਾ ਨੇ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਨੂੰ ਭਰਾਮਾਉਣ ਵਾਲੀ ਸਰਕਾਰ ਦੱਸਦੇ ਹੋਏ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਕੇ, ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਭੁੱਲ ਕੇ ਪਹਿਲਾਂ ਦੀ ਤਰ੍ਹਾਂ ਰਿਵਾਇਤੀ ਪਾਰਟੀਆਂ ਵਾਲਿਆਂ ਰੰਗਾਂ ਵਿੱਚ ਰੰਗਿਆ ਗਿਆ, ਘਰਾਂ ਲਈ 600 ਯੂਨਿਟ ਮੁਆਫ ਕਰਕੇ, ਬਿਜਲੀ ਮੁਫਤ ਦਾ ਨਾਅਰਾ ਤਾਂ ਦੇ ਦਿੱਤਾ, ਪ੍ਰੰਤੂ ਇਸਦੇ ਹਾਲਾਤਾਂ ਵੱਲ ਗੌਰ ਨਹੀਂ ਕੀਤੀ, ਜਦੋਂ ਬਿਜਲੀ ਛੱਡਣੀ ਹੀ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਾ ਕੀ ਭਾਅ।
ਮਨਜੀਤ ਸਿੰਘ ਢੀਂਡਸਾ ਨੇ ਰੌਹ ਭਰੇ ਸ਼ਬਦਾਂ ਵਿੱਚ ਕਿਹਾ ਪੰਜਾਬ ਵਿੱਚ ਸਭ ਤੋਂ ਵੱਧ ਮਤਰੇਇਆਂ ਵਾਲਾ ਸਲੂਕ ਕਿਸਾਨਾਂ ਨਾਲ ਕੀਤਾ ਜਾਂਦਾ ਹੈ, ਕਿਸਾਨਾਂ ਦੇ ਖੇਤਾਂ ਨੂੰ ਬਿਜਲੀ ਸਪਲਾਈ ਰੋਜ਼ ਤਾਂ ਕੀ ਦੇਣੀ ਹੈ, ਜਦੋਂ ਦੋ ਤਿੰਨ ਦਿਨਾਂ ਬਾਅਦ ਦੋ ਘੰਟੇ ਲਈ ਦਿੱਤੀ ਜਾਂਦੀ ਹੈ ਤਾਂ ਉਹ ਵੀ ਰਾਤ ਮੌਕੇ ਦਿੱਤੀ ਜਾਂਦੀ ਹੈ। ਕੀ ਗੱਲ ਕਿਸਾਨਾਂ ਨੂੰ ਅਜਿਹੀ ਸਰਦੀ ਵਿੱਚ ਠੰਡ ਨਹੀਂ ਲੱਗਦੀ, ਜਦੋਂ ਕਿ ਦੂਸਰੇ ਸਰਕਾਰੀ ਮਹਿਕਮਿਆਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਂਦੀ ਹਨ, ਜਦੋਂ ਕਿ ਕਿਸਾਨ ਕੜਕਦੀ ਠੰਡ ਵਿੱਚ ਰਾਤਾਂ ਨੂੰ ਆਪਣੀਆਂ ਫਸਲਾਂ ਨੂੰ ਪਾਣੀ ਲਾਉਣ ਲਈ ਮਜ਼ਬੂਰ ਹਨ।
ਦਿਨ ਵੇਲੇ ਕਿਸਾਨ ਮਹਿੰਗੇ ਭਾਅ ਦਾ ਡੀਜਲ ਫੂਕ ਆਪਣੀਆਂ ਫਸਲਾਂ ਨੂੰ ਪਾਣੀ ਲਗਾਉਂਦੇ ਹਨ। ਗੁਰਸੇਵਕ ਸਿੰਘ ਬਲਾਕ ਪ੍ਰਧਾਨ ਨੇ ਕਿਹਾ ਕਿ ਹਲਕਾ ਵਿਧਾਇਕ ਦਿਆਲਪੁਰਾ ਜੋ ਖੁਦ ਕਿਸਾਨ ਦੇ ਪੁੱਤਰ ਹਨ, ਨੂੰ ਵੀ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ, ਨਾ ਕਿ ਸੱਤਾ ਦੇ ਨਸ਼ੇ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਹੀ ਧਿਆਨ ਦੇਣਾ ਛੱਡ ਦੇਣ। ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਇਸ ਸਬੰਧੀ ਕਿਸਾਨਾਂ ਦੀ ਅਵਾਜ ਮੁੱਖ ਮੰਤਰੀ ਤੱਕ ਪਹੁੰਚਾਉਣ। ਇਸ ਮੌਕੇ ਤਿੰਨੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਬਿਜਲੀ ਦੇ ਪ੍ਰਬੰਧ ਸਬੰਧੀ ਧਿਆਨ ਦੇਵੇ, ਇਸ ਸਬੰਧੀ ਕਿਸਾਨਾਂ ਸੰਘਰਸ਼ ਦੇ ਰਾਹ ਨਾ ਤੋਰੇ। ਜੇਕਰ ਜਲਦੀ ਸਰਕਾਰ ਨੇ ਬਿਜਲੀ ਦੀ ਸਪਲਾਈ ਵੱਲ ਧਿਆਨ ਨਾ ਦਿੱਤਾ ਤਾਂ ਬੀ. ਕੇ. ਯੂ. (ਲੱਖੋਵਾਲ) ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।





