ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਅਤੇ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ 31/7 ਪੰਜਾਬ ਵੱਲੋਂ ਕੀਤੇ ਐਲਾਨ ਮੁਤਾਬਕ ਸੂਬੇ ਭਰ ’ਚ ਸਰਕਾਰੀ ਬੱਸਾਂ ’ਚ ਸੀਟਾਂ ਤੋਂ ਵੱਧ ਸਵਾਰੀਆਂ ਨਹੀਂ ਚੜ੍ਹਾਈਆ (ਬਿਠਾਈਆਂ) ਗਈਆ। ਕੰਟਰੈਕਟ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਦੇ ਡਰਾਈਵਿੰਗ ਸੋਧ ਕਾਨੂੰਨ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਮੰਗਲਵਾਰ ਨੂੰ ਸਵੇਰੇ ਤੋਂ ਹੀ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਬੱਸਾਂ ਦੀਆਂ ਸੀਟਾਂ ’ਤੇ ਸਵਾਰੀਆਂ ਬਿਠਾਉਣ ਤੋਂ ਬਿਨਾਂ ਵਾਧੂ ਸਵਾਰੀਆਂ ਨਹੀਂ ਚੜ੍ਹਾਈਆਂ ਗਈਆ, ਜਿਸ ਕਾਰਨ ਵੱਡੀ ਗਿਣਤੀ ’ਚ ਲੋਕ ਖੱਜਲ ਖੁਆਰ ਹੋਏ। ਸਾਰਾ ਦਿਨ ਬੱਸ ਅੱਡਿਆ ’ਚ ਲੋਕਾਂ ਦਾ ਹਜੂਮ ਲੱਗਿਆ ਰਿਹਾ ਤੇ ਲੋਕ ਇਕ ਦੂਜੇ ਤੋਂ ਅੱਗੇ ਭੱਜ ਕੇ ਬੱਸ ’ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਰਹੇ।

ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਡਿਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ, ਸੈਕਟਰੀ ਜਸਦੀਪ ਸਿੰਘ ਲਾਲੀ, ਆਜ਼ਾਦ ਯੂਨੀਅਨ ਵੱਲੋਂ ਸਰਪ੍ਰਸਤ ਗੁਰਧਿਆਨ ਸਿੰਘ, ਮੀਤ ਪ੍ਰਧਾਨ ਪਰਮਿੰਦਰ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਦੀ ਬਜਾਏ ਝੂਠੇ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ’ਚ ਸੋਧ ਦੇ ਨਾਮ ’ਤੇ ਡਰਾਈਵਰਾਂ ਅਤੇ ਆਮ ਵਰਗ ਲਈ ਮਾਰੂ ਕਾਨੂੰਨ ਬਣਾਉਣ ’ਤੇ ਲੱਗੀ ਹੋਈ ਹੈ, ਜਿਸ ਦਾ ਪੂਰੇ ਭਾਰਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਹੁਣ ਤੱਕ ਮੁਲਾਜ਼ਮ ਇਕ ਬੱਸ ’ਚ 100 ਸੌ ਤੋਂ ਵੱਧ ਸਵਾਰੀਆਂ ਨੂੰ ਸਫ਼ਰ ਸਹੂਲਤ ਦੇ ਰਹੇ ਹਨ ਪ੍ਰੰਤੂ ਕੇਂਦਰੀ ਕਾਨੂੰਨ ਦੇ ਵਿਰੋਧ ’ਚ ਮੰਗਲਵਾਰ ਨੂੰ ਬੱਸਾਂ ’ਚ ਸਿਰਫ ਤੈਅ ਰੂਲਾਂ ਅਨੁਸਾਰ 52 ਸਵਾਰੀਆਂ ਨੂੰ ਸਫ਼ਰ ਕਰਵਾਇਆ ਗਿਆ ਹੈ। ਪੰਜਾਬ ਸਰਕਾਰ ਪਨਬਸ/ਪੀਆਰਟੀਸੀ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਇਕਸਾਰਤਾ ਕਰੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰੇ, ਬੱਸਾਂ ਦੀ ਗਿਣਤੀ 10 ਹਜ਼ਾਰ ਕਰੇ, ਕੱਚੇ ਮੁਲਾਜ਼ਮਾਂ ’ਤੇ ਲਗਾਈਆਂ ਮਾਰੂ ਕੰਡੀਸ਼ਨਾਂ ਰੱਦ ਕਰੇ ਆਦਿ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰੇ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਨ੍ਹਾਂ ਮੰਗਾ ਵੱਲ ਧਿਆਨ ਨਹੀਂ ਦਿੰਦੀ ਤਾਂ ਯੂਨੀਅਨ ਵੱਲੋਂ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੋਲੇ ਪਾ ਕੇ ਕਾਲੀਆਂ ਝੰਡੀਆਂ ਨਾਲ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 1 ਫਰਵਰੀ ਨੂੰ ਮੁੱਖ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ, 7 ਫਰਵਰੀ ਨੂੰ ਗੇਟ ਰੈਲੀਆਂ ਕਰ ਕੇ ਵਰਕਰਾਂ ਨੂੰ ਲਾਮਬੰਦ ਕਰਨ ਉਪਰੰਤ 13, 14, 15 ਫਰਵਰੀ ਦੀ ਤਿੰਨ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ ਤੇ ਹੜਤਾਲ ਦੌਰਾਨ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਰੋਸ ਧਰਨਾ ਦਿੱਤਾ ਜਾਵੇਗਾ।