ਬੀਜੇਪੀ ਤੇ ਜੇਜੇਪੀ ਦਾ ਕਰੀਬ ਸਾਢੇ ਚਾਰ ਸਾਲ ਪੁਰਾਣਾ ਰਿਸ਼ਤਾ ਟੁੱਟਣ ਵਾਲਾ ਹੈ। ਇਹ ਦਾਅਵਾ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਤੋਂ ਬਾਅਦ ਆਜ਼ਾਦ ਵਿਧਾਇਕ ਨਯਨਪਾਲ ਰਾਵਤ ਨੇ ਕੀਤਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਦੀ ਕੈਬਨਿਟ ਅੱਜ ਸਮੂਹਿਕ ਅਸਤੀਫਾ ਦੇ ਸਕਦੀ ਹੈ। ਇਸ ਤੋਂ ਬਾਅਦ ਹਰਿਆਣਾ ਸਰਕਾਰ ਦੀ ਕੈਬਨਿਟ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਜਾਵੇਗਾ। ਇਸ ਵਾਰ ਜੇਜੇਪੀ ਨੂੰ ਮੰਤਰੀ ਮੰਡਲ ਤੋਂ ਵੱਖ ਕਰਨ ਦੀ ਰਣਨੀਤੀ ਬਣਾਈ ਗਈ ਹੈ।
ਜੇਜੇਪੀ ਨੂੰ ਇਸ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।ਨਯਨਪਾਲ ਰਾਵਤ ਨੇ ਕਿਹਾ ਕਿ ਮੈਂ ਪਹਿਲਾਂ ਵੀ ਆਜ਼ਾਦ ਵਿਧਾਇਕ ਵਜੋਂ ਸਰਕਾਰ ਦੇ ਨਾਲ ਸੀ ਤੇ ਹੁਣ ਵੀ ਸਰਕਾਰ ਦੇ ਨਾਲ ਹਾਂ। ਰਾਵਤ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਤਰੱਕੀ ਕਰ ਰਿਹਾ ਹੈ। ਹਰਿਆਣਾ 'ਚ ਭਾਜਪਾ ਨੂੰ 10 'ਚੋਂ 10 ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਨੀ ਚਾਹੀਦੀ ਹੈ। ਅੱਜ ਸਵੇਰੇ 10 ਵਜੇ ਹਰਿਆਣਾ ਨਿਵਾਸ 'ਤੇ ਮੰਤਰੀਆਂ ਨਾਲ ਮੀਟਿੰਗ ਹੋ ਸਕਦੀ ਹੈ। ਇਸ ਤੋਂ ਬਾਅਦ 11.30 ਵਜੇ ਵਿਧਾਇਕ ਦਲ ਦੀ ਬੈਠਕ ਹੋਵੇਗੀ। ਮੀਟਿੰਗ ਲਈ ਆਜ਼ਾਦ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ ਹੈ





