ਥਾਣਾ-1 ਤਹਿਤ ਪੈਂਦੇ ਸੀਤਲ ਨਗਰ ਦੇ ਤਾਲਾਬੰਦ ਘਰ 'ਚੋਂ ਭੇਤਭਰੇ ਹਾਲਾਤ 'ਚ ਅਰਧ ਨਗਨ ਹਾਲਤ 'ਚ ਔਰਤ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਬਦਬੂ ਆਉਣ ਦੌਰਾਨ ਉਸੇ ਮਕਾਨ ਵਿਚ ਉਪਰ ਵਾਲੇ ਕਮਰੇ ਵਿਚ ਰਹਿ ਰਹੇ ਕਿਰਾਏਦਾਰ ਹਰਬੀਰ ਸਿੰਘ ਨੇ ਮਾਲਕ ਮਕਾਨ ਨੂੰ ਸੂਚਨਾ ਦਿਤੀ। ਮਕਾਨ ਮਾਲਕ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਆਰੰਭ ਕੀਤੀ। ਫਿਲਹਾਲ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਹਨ। ਲਾਸ਼ 'ਚ ਕੀੜੇ ਪੈ ਚੁੱਕੇ ਹਨ ਅਤੇ ਉਸ ਦੇ ਸਰੀਰ ਵਿੱਚੋਂ ਬਦਬੂ ਆ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵੇਖਣ 'ਤੇ ਉਹ ਪ੍ਰਵਾਸੀ ਲੱਗ ਰਹੀ ਹੈ ਅਤੇ ਉਸ ਦੀ ਉਮਰ ਤਕਰੀਬਨ 35 ਤੋਂ 40 ਸਾਲ ਤੱਕ ਦੀ ਲੱਗ ਰਹੀ ਹੈ।

ਇਸ ਸਬੰਧੀ ਬਸਤੀ ਗੁਜਾਂ ਦੇ ਰਹਿਣ ਵਾਲੇ ਸੀਤਲ ਨਗਰ ਵਿੱਚ ਡਿੱਪੂ ਹੋਲਡਰ ਦਾ ਕੰਮ ਕਰਦੇ ਮਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਕਿਰਾਏ ਦੇ ਮਕਾਨ ਦੇ ਨਾਲ ਲੱਗਦੇ ਮਕਾਨ ਵਿੱਚ ਉਹਨਾਂ ਦੀ ਰਿਸ਼ਤੇਦਾਰ ਔਰਤ ਨੇ ਉਹਨਾਂ ਨੂੰ ਅੱਜ ਦੱਸਿਆ ਕਿ ਸ਼ਨੀਵਾਰ ਨੂੰ ਉਸ ਕੋਲ ਇੱਕ ਮਰਦ ਅਤੇ ਔਰਤ ਬੱਚੇ ਸਮੇਤ ਆਏ ਸੀ ਜੋ ਆਪਣੇ ਆਪ ਨੂੰ ਪਤੀ-ਪਤਨੀ ਕਹਿ ਰਹੇ ਸਨ। ਉਨ੍ਹਾਂ ਨੇ ਉਸ ਕੋਲ ਆ ਕੇ ਕਿਰਾਏ ਲਈ ਕਮਰੇ ਦੀ ਮੰਗ ਕੀਤੀ ਕਿ ਉਹਨਾਂ ਦਾ ਬੱਚਾ ਬਿਮਾਰ ਹੈ ਅਤੇ ਉਨ੍ਹਾਂ ਨੇ ਬੱਚੇ ਦਾ ਇਲਾਜ ਕਰਵਾਉਣਾ ਹੈ। ਇਸ ਲਈ ਉਹਨਾਂ ਨੂੰ ਕੁਝ ਦਿਨਾਂ ਲਈ ਮਕਾਨ ਕਿਰਾਏ ਲਈ ਦੇ ਦਿੱਤਾ ਜਾਵੇ।