ਇੰਗਲੈਂਡ 'ਚ ਰਹਿ ਰਹੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਦੋਹਾ ਨਿਵਾਸੀ ਇਕ ਨੌਜਵਾਨ ਨੇ ਲਗਪਗ ਦੋ ਮਹੀਨੇ ਪਹਿਲਾਂ ਆਪਣੀ ਪਤਨੀ ਦੇ ਪ੍ਰੇਮੀ, ਉਸ ਦੇ ਚਾਚਾ ਤੇ ਸਸੁਰਾਲ ਵਾਲਿਆਂ ਤੋਂ ਤੰਗ ਆ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਹੁਣ ਥਾਣਾ ਮੌੜ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਪਤਨੀ, ਉਸ ਦੇ ਕਥਿਤ ਪ੍ਰੇਮੀ ਸਮੇਤ ਕੁੱਲ 7 ਲੋਕਾਂ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮਾਮਲੇ 'ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਜਦਕਿ ਮ੍ਰਿਤਕ ਦੀ ਪਤਨੀ ਤੇ ਉਸ ਦਾ ਕਥਿਤ ਪ੍ਰੇਮੀ ਇੰਗਲੈਂਡ 'ਚ ਰਹਿ ਰਹੇ ਹਨ।
ਥਾਣਾ ਮੌੜ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਸੰਦੋਹਾ ਨਿਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਤਜਿੰਦਰ ਸਿੰਘ ਦਾ ਵਿਆਹ 9 ਸਾਲ ਪਹਿਲਾਂ ਮੁਲਜ਼ਮ ਮਨਜੀਤ ਕੌਰ ਨਿਵਾਸੀ ਪਿੰਡ ਹੀਰੋ ਕਲਾਂ ਜ਼ਿਲ੍ਹਾ ਮਾਨਸਾ ਦੇ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਨਜੀਤ ਕੌਰ ਨੇ ਵਿਆਹ ਦੇ ਕੁਝ ਸਮੇਂ ਬਾਅਦ ਉਸ ਦੇ ਬੇਟੇ ਤੇ ਉਨ੍ਹਾਂ ਉੱਪਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਨੂੰਹ ਨੂੰ ਆਇਲੈਟਸ ਦੀ ਪ੍ਰੀਖਿਆ ਦੇਣ ਲਈ ਤਿਆਰੀ ਕਰਵਾਈ। ਉਸ ਨੇ ਕਰੀਬ 10 ਵਾਰ ਆਇਲੈਟਸ ਦਾ ਪੇਪਰ ਦਿੱਤਾ, ਪਰ ਉਹ ਪਾਸ ਨਾ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਮਨਜੀਤ ਕੌਰ ਦੇ ਕੈਨੇਡਾ ਜਾਣ ਲਈ ਚਾਰ ਵਾਰ ਫਾਈਲ ਲਾਈ ਪਰ ਹਰ ਵਾਲ ਫਾਈਲ ਖਾਰਜ ਕਰ ਦਿੱਤੀ ਗਈ।
ਪੀੜਤ ਨੇ ਦੱਸਿਆ ਕਿ ਆਈਲੈਟਸ ਕਰਵਾਉਣ ਤੇ ਫਾਈਲ ਲਗਵਾਉਣ 'ਤੇ ਉਸਨੇ ਲਗਪਗ 8 ਲੱਖ ਰੁਪਏ ਖਰਚ ਕੀਤੇ। ਉਸਨੇ ਦੱਸਿਆ ਕਿ ਜਦੋਂ ਉਸਦੀ ਨੂੰਹ ਕੌਰ ਆਈਲੈਟਸ ਦੀ ਪ੍ਰੀਖਿਆ ਦੇ ਰਹੀ ਸੀ ਤਾਂ ਉਸਦੀ ਮੁਲਾਕਾਤ ਮੁਲਜ਼ਮ ਪਿੰਡ ਬਿਸ਼ਨੰਦੀ ਨਿਵਾਸੀ ਲਵਪ੍ਰੀਤ ਸਿੰਘ ਨਾਲ ਹੋਈ। ਇਸ ਤੋਂ ਬਾਅਦ 23 ਸਤੰਬਰ 2023 ਨੂੰ ਉਹ ਲਵਪ੍ਰੀਤ ਸਿੰਘ ਦੇ ਪਿੱਛੇ-ਪਿੱਛੇ ਇੰਗਲੈਂਡ ਪੜ੍ਹਾਈ ਕਰਨ ਚਲੀ ਗਈ, ਜਿਸ ਵਿਚ ਲਗਪਗ 34 ਲੱਖ ਰੁਪਏ ਖਰਚ ਕਰਨੇ ਪਏ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਨੂੰਹ ਨੂੰ ਇੰਗਲੈਂਡ ਭੇਜਿਆ। ਪੀੜਤ ਨੇ ਦੱਸਿਆ ਕਿ ਚਾਰ ਮਹੀਨੇ ਬਾਅਦ 7 ਫਰਵਰੀ 2024 ਨੂੰ ਉਸਦਾ ਪੁੱਤਰ ਤਜਿੰਦਰ ਸਿੰਘ ਵੀ ਇੰਗਲੈਂਡ ਚਲਾ ਗਿਆ। ਉਸਨੇ ਦੱਸਿਆ ਕਿ ਜਿਵੇਂ ਹੀ ਉਸਦਾ ਪੁੱਤਰ ਇੰਗਲੈਂਡ ਪਹੁੰਚਿਆ ਤਾਂ ਨੂੰਹ ਨੇ ਉਸਦੇ ਪੁੱਤਰ ਨਾਲ ਬੁਰਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਦੇ ਦਸਤਾਵੇਜ਼ ਅਤੇ ਪਾਸਪੋਰਟ ਖੋਹ ਕੇ ਆਪਣੇ ਕੋਲ ਰੱਖ ਲਏ।
ਪੀੜਤ ਮਲਕੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਨੂੰਹ ਮਨਜੀਤ ਕੌਰ ਆਪਣੇ ਪ੍ਰੇਮੀ ਲਵਪ੍ਰੀਤ ਸਿੰਘ ਨਾਲ ਰਹਿ ਰਹੀ ਸੀ ਤੇ ਉਸ ਨਾਲ ਮਿਲ ਕੇ ਨਸ਼ਾ ਕਰਦੀ ਸੀ। ਪੀੜਤ ਨੇ ਦੱਸਿਆ ਕਿ ਸਾਲ 2024 ਵਿਚ ਉਸਦੀ ਨੂੰਹ ਨੇ ਆਪਣਾ ਤੇ ਉਸਦੇ ਪੁੱਤਰ ਦਾ ਵੀਜ਼ਾ ਵਧਾਉਣ ਲਈ 6 ਲੱਖ ਰੁਪਏ ਲਏ ਸਨ, ਪਰ ਉਸਨੇ ਆਪਣਾ ਵੀਜ਼ਾ ਤਾਂ ਵਧਵਾ ਲਿਆ, ਪਰ ਉਸਦੇ ਪੁੱਤਰ ਦਾ ਵੀਜ਼ਾ ਖਤਮ ਹੋ ਗਿਆ। ਇਸ ਤੋਂ ਬਾਅਦ ਨੂੰਹ ਤੇ ਉਸਦੇ ਪ੍ਰੇਮੀ ਲਵਪ੍ਰੀਤ ਸਿੰਘ ਨੇ ਉਸਦੇ ਪੁੱਤਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਹੋਣ 'ਤੇ ਉਸਨੇ ਆਪਣੇ ਪੁੱਤਰ ਦੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ, ਪਰ ਉਨ੍ਹਾਂ ਨੇ ਵੀ ਕੋਈ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।
ਪੀੜਤ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਤਜਿੰਦਰ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਸਨੇ ਆਪਣੀ ਪਤਨੀ ਮਨਜੀਤ ਕੌਰ, ਉਸਦੇ ਪ੍ਰੇਮੀ ਲਵਪ੍ਰੀਤ ਸਿੰਘ, ਉਸਦੇ ਚਾਚਾ ਸੂਬਾ ਸਿੰਘ ਨਿਵਾਸੀ ਬਿਸ਼ਨੰਦੀ ਹਾਲ ਆਬਾਦ ਇੰਗਲੈਂਡ, ਸੁਖਵਿੰਦਰ ਕੌਰ ਰਾਜੇ ਨਿਵਾਸੀ ਬਿਸ਼ਨੰਦੀ, ਮ੍ਰਿਤਕ ਦੇ ਸਹੁਰੇ ਮੱਘਰ ਸਿੰਘ, ਸਾਲਾ ਜਸਵੀਰ ਸਿੰਘ ਅਤੇ ਹੀਰੋ ਕਲਾਂ ਨਿਵਾਸੀ ਅਮ੍ਰਿਤਪਾਲ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ। ਥਾਣਾ ਮੌੜ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਬਾਅਦ ਉਪਰੋਕਤ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





