ਪਾਕਿਸਤਾਨ ਦੇ ਕਵੇਟਾ ਵਿਚ ਇਕ ਆਈਈਡੀ ਧਮਾਕੇ ਵਿਚ ਅੱਤਵਾਦੀ ਰੋਕਥਾਮ ਬਲ (ATF) ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ। ਕਰਨੀ ਇਲਾਕੇ ਵਿਚ ਬਰੋਰੀ ਰੋਡ 'ਤੇ ਗਸ਼ਤ ਕਰ ਰਹੇ ਏਟੀਐਫ ਦੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ ਸੀ। ਇਹ ਜਾਣਕਾਰੀ ਏਆਰਵਾਈ ਨਿਊਜ਼ ਦੀ ਰਿਪੋਰਟ ਤੋਂ ਮਿਲੀ ਹੈ।ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ, ਏਟੀਐਫ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ ਸੱਤ ਜਵਾਨ ਜ਼ਖਮੀ ਹੋ ਗਏ ਸਨ। ਜ਼ਖਮੀ ਜਵਾਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸੁਰੱਖਿਆ ਬਲ ਤੁਰੰਤ ਧਮਾਕੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਜਾਂਚ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।
ਇਸ ਦੌਰਾਨ, ਜਾਫਰ ਐਕਸਪ੍ਰੈਸ 'ਤੇ ਹੋਏ ਭਿਆਨਕ ਹਮਲੇ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਕਾਰਨ ਕਵੇਟਾ ਡਿਵੀਜ਼ਨ ਵਿਚ ਟ੍ਰੇਨ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 11 ਮਾਰਚ ਨੂੰ ਬਲੋਚ ਲਿਬਰੇਸ਼ਨ ਆਰਮੀ (BLA) ਨੇ ਬੋਲਨ ਘਾਟੀ ਵਿਚ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ। ਇਸ ਟ੍ਰੇਨ ਵਿਚ 200 ਸੁਰੱਖਿਆ ਕਰਮੀ ਅਤੇ 500 ਤੋਂ ਵੱਧ ਯਾਤਰੀ ਮੌਜੂਦ ਸਨ।ਬਲੋਚ ਬਗਾਵਤੀ ਧੜੇ ਨੇ 214 ਬੰਧਕਾਂ ਦੀ ਹੱਤਿਆ ਕਰਨ ਦਾ ਦਾਅਵਾ ਕੀਤਾ ਹੈ ਅਤੇ 48 ਘੰਟਿਆਂ ਦੀ ਆਖਰੀ ਚਿਤਾਵਨੀ ਦੇ ਬਾਵਜੂਦ ਪਾਕਿਸਤਾਨ ਦੀ "ਜਿੱਦ" ਅਤੇ "ਗੱਲਬਾਤ ਤੋਂ ਬਚਣ" ਨੂੰ ਦੋਸ਼ੀ ਠਹਿਰਾਇਆ ਹੈ। ਬਲੋਚ ਬਗਾਵਤੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ ਦੇ ਪ੍ਰਵਕਤਾ ਜੀਯੰਦ ਬਲੋਚ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਆਖਰੀ ਚਿਤਾਵਨੀ ਦੇਣ ਦੇ ਬਾਵਜੂਦ ਉਨ੍ਹਾਂ ਨੇ ਇਸ 'ਤੇ ਧਿਆਨ ਨਹੀਂ ਦਿੱਤਾ। ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਆਪਣੀ ਰਵਾਇਤੀ ਜਿੱਦ ਅਤੇ ਫੌਜੀ ਹੰਕਾਰ ਦਾ ਪ੍ਰਦਰਸ਼ਨ ਕਰਦੇ ਹੋਏ ਨਾ ਸਿਰਫ ਗੰਭੀਰ ਗੱਲਬਾਤ ਤੋਂ ਬਚਿਆ, ਸਗੋਂ ਜ਼ਮੀਨੀ ਹਕੀਕਤ ਤੋਂ ਵੀ ਅੱਖਾਂ ਬੰਦ ਕਰ ਲਈਆਂ। ਇਸ ਜਿੱਦ ਦੇ ਨਤੀਜੇ ਵਜੋਂ, ਸਾਰੇ 214 ਬੰਧਕਾਂ ਨੂੰ ਮਾਰ ਦਿੱਤਾ ਗਿਆ।





