ਹੁਸ਼ਿਆਰਪੁਰ ਜ਼ਿਲ੍ਹੇ ਦੇ ਨੂਰਪੁਰ ਜੱਟਾਂ ਪਿੰਡ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਖੰਡਿਤ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਸਬੰਧਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਪ੍ਰਬੰਧਕਾਂ ਨੂੰ ਬਰਖਾਸਤ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰ ਲਿਆ ਹੈ।

ਜਥੰਦਾਰ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਗੁਰੂ ਘਰਾਂ ਅੰਦਰ ਕੈਮਰਿਆਂ ਦਾ ਸੁਚੱਜਾ ਪ੍ਰਬੰਧ ਨਾ ਕਰਨਾ ਤੇ ਹਰ ਸਮੇਂ ਪਹਿਰੇਦਾਰੀ ਯਕੀਨੀ ਨਾ ਬਣਾਉਣਾ ਇੱਕ ਵੱਡੀ ਅਣਗਹਿਲੀ ਹੈ, ਜਿਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਦੇਸ਼ ਦੁਨੀਆ ਅੰਦਰ ਬੈਠੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਇਨ੍ਹਾਂ ਨੂੰ ਠੱਲ੍ਹਣ ਲਈ ਸਖਤ ਕਾਰਵਾਈ ਕਰਨੀ ਅਤਿ ਜ਼ਰੂਰੀ ਹੈ। ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨੂਰਪੁਰ ਜੱਟਾਂ ਪਿੰਡ ਵਿੱਚ ਵਾਪਰੀ ਘਟਨਾ ਦੇ ਦੋਸ਼ੀਆਂ ਦੀ ਤੁਰੰਤ ਭਾਲ ਕਰਕੇ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਕਿਹਾ।

ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਸਖ਼ਤ ਅਤੇ ਵਿਸ਼ੇਸ਼ ਕਾਨੂੰਨ ਬਣਾਉਣ ਲਈ ਆਖਿਆ, ਤਾਂ ਜੋ ਇਨ੍ਹਾਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕੇ। ਜਥੇਦਾਰ ਗੜਗੱਜ ਨੇ ਕਿਹਾ ਕਿ ਘਟਨਾ ਸਬੰਧੀ ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਸਬੰਧਤ ਗੁਰੂ ਘਰ ਵਿਖੇ ਕੈਮਰਿਆਂ ਤੇ ਪਹਿਰੇਦਾਰੀ ਦਾ ਪ੍ਰਬੰਧ ਠੀਕ ਨਹੀਂ ਸੀ, ਜਿਸ ਤੋਂ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਨਜ਼ਰ ਆਉਂਦੀ ਹੈ।