ਜ਼ਿਲ੍ਹਾ ਪ੍ਰਸ਼ਾਸਨ ਦਿੱਲੀ-ਕਟੜਾ ਰਾਸ਼ਟਰੀ ਰਾਜਮਾਰਗ ਲਈ ਜ਼ਮੀਨ ਦਾ ਲਗਾਤਾਰ ਕਬਜ਼ਾ ਲੈ ਰਿਹਾ ਹੈ। ਇਸ ਸਮੇਂ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਧੰਦਲ ਪਿੰਡ ਦਾ ਕਿਸਾਨ ਆਪਣੇ ਘਰ ਅਤੇ ਜ਼ਮੀਨ ਦਾ ਢੁੱਕਵਾਂ ਮੁਆਵਜ਼ਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਖੁਦਕੁਸ਼ੀ ਨੋਟ ਅਤੇ ਜ਼ਹਿਰ ਦੀ ਬੋਤਲ ਲੈ ਕੇ ਆਪਣੇ ਘਰ ਦੀ ਛੱਤ ’ਤੇ ਚੜ੍ਹ ਗਿਆ। ਘਰ ਦੇ ਲੋਕਾਂ ਨੇ ਤੁਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਲਗਪਗ ਸੱਤ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਕਿਸਾਨ ਆਗੂਆਂ ਨੇ ਉਸ ਨੂੰ ਮਨਾ ਲਿਆ ਅਤੇ ਛੱਤ ਤੋਂ ਉਤਾਰਿਆ। ਹਾਲਾਂਕਿ ਇਸ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਜਿਸ ਕਾਰਨ ਕਿਸਾਨਾਂ ਵਿੱਚ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਮੌਕੇ ਗੁਰਮੀਤ ਕੌਰ ਪਤਨੀ ਸਵ. ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਅਤੇ ਜ਼ਮੀਨ ਦਿੱਲੀ-ਕਟੜਾ ਰਾਸ਼ਟਰੀ ਰਾਜਮਾਰਗ ਦੇ ਅਧੀਨ ਆ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਸ ਲਈ ਢੁੱਕਵਾਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ।