ਬੇਟ ਇਲਾਕੇ ਦੇ ਪਿੰਡ ਲੁਹਾਰੀਆਂ ਵਿਖੇ ਅੱਜ ਸ਼ਾਮ ਨੂੰ ਇੱਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਨੂੰ ਕੁਝ ਵਿਅਕਤੀਆਂ ਵਲੋਂ ਅਗਵਾ ਕਰਕੇ ਵੱਢ ਟੁੱਕ ਕਰਨ ਅਤੇ ਮੌਕੇ ’ਤੇ ਜਦੋਂ ਉਸਦੇ ਪਿਤਾ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਸਖ਼ਤ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਲੁਹਾਰੀਆਂ ਦੇ ਇੱਕ ਮਜ਼ਦੂਰ ਵਿਅਕਤੀ ਮਲਕੀਤ ਸਿੰਘ ਜੋ ਕਿ ਆਪਣੀ ਪਤਨੀ ਨਾਲ ਮਨਰੇਗਾ ਯੋਜਨਾ ਅਧੀਨ ਪਿੰਡ ਵਿਚ ਮਜ਼ਦੂਰੀ ਕਰ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਉਨ੍ਹਾਂ ਨੂੰ ਚਾਹ, ਪਾਣੀ ਫਡ਼ਾਉਣ ਆਇਆ ਸੀ।
ਇਸ ਮੌਕੇ ਹੀ ਕੁਝ ਵਿਅਕਤੀ ਇੱਕ ਚਿੱਟੇ ਰੰਗ ਦੀ ਗੱਡੀ ਵਿਚ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਆਉਂਦਿਆਂ ਸਾਰ ਉਸ ਦੇ ਪੁੱਤਰ ਜਗਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਧਾਵਾ ਬੋਲ ਦਿੱਤਾ। ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਗਿਆ ਤਾਂ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜੋ ਉਸਦੀ ਬਾਂਹ ਵੱਢ ਦਿੱਤੀ ਗਈ। ਮਲਕੀਤ ਸਿੰਘ ਅਨੁਸਾਰ ਇਹ ਕਾਰ ਸਵਾਰ ਉਸ ਦੇ ਪੁੱਤਰ ਜਗਦੀਪ ਸਿੰਘ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਅਤੇ ਉਸਦੀ ਵੀਡੀਓ ਬਣਾ ਪਿੰਡ ਦੇ ਬਾਹਰ ਜਾ ਕੇ ਸੁੱਟ ਦਿੱਤਾ।
ਮਲਕੀਤ ਸਿੰਘ ਅਨੁਸਾਰ ਹਮਲਾਵਾਰ ਨੌਜਵਾਨਾਂ ਨਾਲ ਉਸਦੇ ਪੁੱਤਰ ਦੀ ਪੁਰਾਣੀ ਰੰਜਿਸ਼ ਸੀ ਅਤੇ ਉਨ੍ਹਾਂ ਨੇ ਗੱਡੀ ’ਚ ਅਗਵਾ ਕਰਨ ਤੋਂ ਬਾਅਦ ਉਸਦੀ ਵੀਡੀਓ ਬਣਾਈ ਜੋ ਕਿ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਹਰਵਿੰਦਰ ਸਿੰਘ ਭਾਰੀ ਫੋਰਸ ਸਮੇਤ ਪਿੰਡ ਲੁਹਾਰੀਆਂ ਪਹੁੰਚ ਗਏ ਜਿਨ੍ਹਾਂ ਹਮਲਾਵਾਰਾਂ ਦਾ ਪਿੱਛਾ ਕੀਤਾ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਬੇਟ ਇਲਾਕੇ ਦੇ ਪਿੰਡ ਦੇ ਰਹਿਣ ਵਾਲੇ ਵਿਅਕਤੀ ਅਤੇ ਵਾਰਦਾਤ ਵਿਚ ਸ਼ਾਮਲ ਗੱਡੀ ਬਰਾਮਦ ਕਰ ਲਈ ਹੈ ਪਰ ਅਜੇ ਤੱਕ ਖੁਲਾਸਾ ਨਹੀਂ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਮਲਕੀਤ ਸਿੰਘ ਤੇ ਜਗਦੀਪ ਸਿੰਘ ਦੋਵੇਂ ਪਿਓ-ਪੁੱਤਰ ਹਸਪਤਾਲ ਵਿਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ ਤੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਮਲਾਵਾਰਾਂ ਵਲੋਂ ਜਖ਼ਮੀ ਜਗਦੀਪ ਸਿੰਘ ਨੂੰ ਕਾਰ ਵਿਚ ਜਦੋਂ ਅਗਵਾ ਕਰ ਲਿਆ ਗਿਆ ਤਾਂ ਉਸਦੀ ਮਿੰਨਤਾਂ ਤਰਲੇ ਕਰਨ ਦੀ ਵੀਡੀਓ ਇੱਕ ਰੈਪਰ ਦਾ ਗੀਤ ਲਗਾ ਕੇ ਵਾਇਰਲ ਕਰ ਦਿੱਤੀ ਗਈ। ਗੱਡੀ ਵਿਚ ਜ਼ਖ਼ਮੀ ਹੋਇਆ ਜਗਦੀਪ ਸਿੰਘ ਉਨ੍ਹਾਂ ਨੂੰ ਛੱਡਣ ਲਈ ਤਰਲੇ ਮਿੰਨਤਾਂ ਕਰ ਰਿਹਾ ਹੈ ਜਦਕਿ ਹਮਲਾਵਾਰ ਬੇਰਹਿਮੀ ਨਾਲ ਫਿਲਮੀ ਸਟਾਇਲ ਵਾਂਗ ਉਸਦੀ ਕੁੱਟਮਾਰ ਕਰ ਰਹੇ ਹਨ। ਇਸ ਵਾਰਦਾਤ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈੈ।





