ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਚੋਣ ਅਮਲੇ ਵੱਲੋਂ ਤਿਆਰੀਆਂ ਜੰਗੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਅੱਜ ਚੋਣ ਅਮਲੇ ਨੂੰ ਚੋਣ ਨਿਯਮਾਂ ਅਤੇ ਪ੍ਰਕਿਰਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਉਣ ਦੇ ਮੰਤਵ ਨਾਲ ਸਥਾਨਕ ਖਾਲਸਾ ਕਾਲਜ ਲੜਕੀਆਂ ਲੁਧਿਆਣਾ ਵਿਖੇ ਪ੍ਰੀਜ਼ਾਈਡਿੰਗ ਅਫਸਰਾਂ (ਪੀਆਰਓ), ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ (ਏਪੀਆਰਓ) ਅਤੇ ਪੋਲਿੰਗ ਅਫਸਰਾਂ (ਪੀਓ) ਲਈ ਈਵੀਐਮ, ਵੀਵੀ ਪੈਟ ਮਸ਼ੀਨਾਂ ਅਤੇ ਈਸੀਆਈ ਨੈਟ ਐਪਲੀਕੇਸ਼ਨ 'ਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ।
ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਲਈ ਜਨਰਲ ਆਬਜ਼ਰਵਰ ਰਾਜੀਵ ਕੁਮਾਰ, ਸਕੱਤਰ ਭਾਰਤ ਚੋਣ ਕਮਿਸ਼ਨ (ਈਸੀਆਈ) ਅਸ਼ਵਨੀ ਕੁਮਾਰ ਮੋਹਲ, ਈਸੀਆਈ ਤੋਂ ਆਈਟੀ ਮਾਹਰ ਸੌਰਭ ਰਾਏ, ਈਵੀਐਮ ਨੋਡਲ ਅਫਸਰ ਬਿਹਾਰ ਤੋਂ ਦੀਰਾਜ ਕੁਮਾਰ, ਸੰਯੁਕਤ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ-ਕਮ-ਆਰਓ. ਰੁਪਿੰਦਰ ਪਾਲ ਸਿੰਘ, ਐਸਡੀਐਮ ਜਸਲੀਨ ਭੁੱਲਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਸਿਖਲਾਈ ਸੈਸ਼ਨਾਂ ਦੀ ਨਿਗਰਾਨੀ ਕੀਤੀ।
ਪੀਆਰਓ ਲਈ ਈਵੀਐਮ ਅਤੇ ਵੀਵੀ ਪੈਟ ਮਸ਼ੀਨਾਂ ਦੀ ਸਿਖਲਾਈ ਆਯੋਜਿਤ ਕੀਤੀ ਗਈ ਸੀ। ਪੀਆਰਓ, ਏਪੀਆਰਓ ਅਤੇ ਪੀਓ ਲਈ ਈਸੀਆਈ ਨੈਟ ਐਪਲੀਕੇਸ਼ਨ ਲਈ ਸਿਖਲਾਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਖਲਾਈ ਸੈਸ਼ਨ ਦੌਰਾਨ ਵਰਤੀਆਂ ਗਈਆਂ ਈਵੀਐਮ ਅਤੇ ਵੀਵੀ ਪੈਟ ਮਸ਼ੀਨਾਂ ਸਿਰਫ਼ ਸਿਖਲਾਈ ਦੇ ਉਦੇਸ਼ਾਂ ਲਈ ਹਨ। ਸਿਖਲਾਈ ਸੈਸ਼ਨਾਂ ਦੌਰਾਨ ਮਾਸਟਰ ਟ੍ਰੇਨਰ ਵੀ ਤਾਇਨਾਤ ਕੀਤੇ ਗਏ ਸਨ ਤਾਂ ਜੋ ਪੀਆਰਓ ਨੂੰ ਈਵੀਐਮ. ਅਤੇ ਵੀਵੀ ਪੈਟ ਮਸ਼ੀਨਾਂ ਦੇ ਕੰਮਕਾਜ ਬਾਰੇ ਸਿੱਖਿਅਤ ਕੀਤਾ ਜਾ ਸਕੇ।
ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਕਰਮਚਾਰੀਆਂ ਦੇ ਬੈਚ ਬਣਾਏ ਗਏ ਹਨ ਅਤੇ ਇਹ ਸਿਖਲਾਈ ਅਭਿਆਸ ਦੋ ਦਿਨਾਂ ਤੱਕ ਜਾਰੀ ਰਹੇਗਾ। ਈਸੀਆਈ ਦੇ ਆਈਟੀ ਮਾਹਰ ਸੌਰਭ ਰਾਏ ਨੇ ਵੀ ਈਸੀਆਈ ਨੈਟ ਐਪਲੀਕੇਸ਼ਨ ਦੇ ਕੰਮਕਾਜ ਅਤੇ ਐਪਲੀਕੇਸ਼ਨ ਰਾਹੀਂ ਅਸਲ ਸਮੇਂ ਦੀ ਜਾਣਕਾਰੀ ਕਿਵੇਂ ਸਾਂਝੀ ਕੀਤੀ ਜਾਣੀ ਹੈ, ਬਾਰੇ ਇੱਕ ਪੇਸ਼ਕਾਰੀ ਸਾਂਝੀ ਕੀਤੀ। ਇਸ ਦੌਰਾਨ ਜਨਰਲ ਆਬਜ਼ਰਵਰ ਰਾਜੀਵ ਕੁਮਾਰ ਨੇ ਪੋਲਿੰਗ ਕਰਮਚਾਰੀਆਂ ਨੂੰ ਆਪਣੀ ਡਿਊਟੀ ਕੁਸ਼ਲਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਜੇਕਰ ਕਿਸੇ ਵੀ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਪੋਲਿੰਗ ਕਰਮਚਾਰੀ ਉਨ੍ਹਾਂ ਨਾਲ 91-62831-78975 ''ਤੇ ਸੰਪਰਕ ਕਰ ਸਕਦੇ ਹਨ।





