ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਹਾਲਾਂਕਿ, ਸਿੰਗਲਾ ਦੇ ਓਐਸਡੀ ਪ੍ਰਦੀਪ ਕੁਮਾਰ ਦੀ ਭੂਮਿਕਾ ਦੀ ਜਾਂਚ ਜਾਰੀ ਹੈ। ਇਹ ਮਾਮਲਾ 2022 'ਚ ਮੁਹਾਲੀ ਦੇ ਫੇਜ਼-8 ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਸੀ, ਜਿਸ ਵਿਚ ਸਰਕਾਰੀ ਠੇਕਿਆਂ ਦੀ ਅਲਾਟਮੈਂਟ ਬਦਲੇ ਇਕ ਫੀਸਦ ਕਮੀਸ਼ਨ ਦੀ ਮੰਗ ਦਾ ਦੋਸ਼ ਲਗਾਇਆ ਗਿਆ ਸੀ।

ਪੁਲਿਸ ਨੇ ਹਾਲ ਹੀ 'ਚ ਅਦਾਲਤ 'ਚ ਇਕ ਕਲੋਜ਼ਰ ਰਿਪੋਰਟ ਦਾਖਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਲਈ ਕੋਈ ਮਜ਼ਬੂਤ ਸਬੂਤ ਨਹੀਂ ਮਿਲੇ। ਪੁਲਿਸ ਸੂਤਰਾਂ ਅਨੁਸਾਰ, ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੇ ਵੀ ਅਦਾਲਤ 'ਚ ਬਿਆਨ ਦੇ ਕੇ ਕਲੋਜ਼ਰ ਰਿਪੋਰਟ ਨਾਲ ਸਹਿਮਤੀ ਜਤਾਈ ਹੈ। ਹੁਣ ਮੁਹਾਲੀ ਦੀ ਇਕ ਅਦਾਲਤ 14 ਜੁਲਾਈ ਨੂੰ ਇਸ ਰਿਪੋਰਟ 'ਤੇ ਆਖ਼ਰੀ ਫੈਸਲਾ ਲਵੇਗੀ।

ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਓਐਸਡੀ ਪ੍ਰਦੀਪ ਕੁਮਾਰ ਦੀ ਭੂਮਿਕਾ ਦੀ ਜਾਂਚ ਅਜੇ ਵੀ ਜਾਰੀ ਹੈ, ਭਾਵੇਂ ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ। ਇਹ ਸ਼ਿਕਾਇਤ ਰਾਜਿੰਦਰ ਸਿੰਘ ਨੇ ਦਰਜ ਕਰਵਾਈ ਸੀ, ਜੋ ਉਸ ਸਮੇਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ 'ਚ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਇਕ ਸਰਕਾਰੀ ਇੰਜੀਨੀਅਰ ਸਨ। ਸ਼ਿਕਾਇਤ ਅਨੁਸਾਰ, ਮਈ 2022 'ਚ ਉਨ੍ਹਾਂ ਨੂੰ ਪੰਜਾਬ ਭਵਨ ਬੁਲਾਇਆ ਗਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਤਤਕਾਲੀ ਸਿਹਤ ਮੰਤਰੀ ਵਿਜੇ ਸਿੰਗਲਾ ਤੇ ਉਨ੍ਹਾਂ ਦੇ ਓਐਸਡੀ ਪ੍ਰਦੀਪ ਕੁਮਾਰ ਨਾਲ ਹੋਈ।