ਪਿੰਡ ਅਹਿਮਦਪੁਰ ਤੋਂ ਅਠੋਲਾ ਤਕ ਚਲ ਰਹੇ ਪੁੱਲ ਬਣਾਉਣ ਦੇ ਕੰਮ ਦੌਰਾਨ ਇੱਕ ਪੁੱਟੇ ਹੋਏ ਖਡੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਅਚਾਨਕ ਡਿੱਗ ਪਏ, ਜਿਸ ਕਾਰਨ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਮੋਟਰਸਾਈਕਲ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੋਵਾਂ ਦਾ ਇਲਾਜ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਉਹ ਤਰਖਾਣ ਦਾ ਕੰਮ ਕਰਦੇ ਹਨ ਤੇ ਉਹ ਕੰਮ ਤੋਂ ਬਾਅਦ ਸੁਖਵਿੰਦਰ ਸਿੰਘ ਅਤੇ ਆਪਣੇ ਬੇਟੇ ਜੁਝਾਰ ਸਿੰਘ ਨਾਲ ਅਹਿਮਦਪੁਰ ਤੋਂ ਅਠੋਲਾ ਰਾਹੀਂ ਵਾਪਸ ਆ ਰਹੇ ਸਨ, ਜਿੱਥੇ ਪੁੱਲ ਬਣਾਉਣ ਦਾ ਕੰਮ ਚਲ ਰਿਹਾ ਹੈ, ਜਿਸ ਕਾਰਨ ਇੱਕ ਖੱਡਾ ਪੁੱਟਿਆ ਹੋਇਆ ਸੀ।
ਇਥੇ ਕੋਈ ਵੀ ਸੁਰੱਖਿਆ ਦੇ ਲਈ ਲਾਈਟ ਜਾਂ ਬੈਰੀਕੇਡਿੰਗ ਵੀ ਨਹੀਂ ਲੱਗੀ ਹੋਈ ਸੀ ਅਤੇ ਉਹ ਅਚਾਨਕ ਉਸ ਖੱਡੇ ਵਿੱਚ ਜਾ ਡਿਗੇ, ਜਿਸ ਵਿੱਚ ਉਹ ਤਿੰਨੇ ਜ਼ਖ਼ਮੀ ਹੋ ਗਏ, ਤਿੰਨਾਂ ਨੂੰ ਬੜੀ ਮੁਸ਼ਕਿਲ ਨਾਲ ਕੱਢ ਕੇ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ।





