ਰਾਜਧਾਨੀ ਦਿੱਲੀ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਸਿਵਲ ਲਾਈਨਜ਼ ਸਥਿਤ ਮੁੱਖ ਮੰਤਰੀ ਦਫ਼ਤਰ ਵਿੱਚ ਜਨ ਸੁਣਵਾਈ ਵਾਲੇ ਦਿਨ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕੀਤਾ। ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਇਸਦੀ ਨਿੰਦਾ ਕੀਤੀ ਹੈ। ਭਾਜਪਾ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਦੇ ਅਨੁਸਾਰ, ਜਨ ਸੁਣਵਾਈ ਵਿੱਚ ਸ਼ਾਮਲ ਇੱਕ ਨੌਜਵਾਨ ਕਾਗਜ਼ਾਤ ਲੈ ਕੇ ਆਇਆ ਸੀ। ਉਸਨੇ ਮੁੱਖ ਮੰਤਰੀ 'ਤੇ ਉੱਚੀ ਆਵਾਜ਼ ਵਿੱਚ ਗਾਲ੍ਹਾਂ ਕੱਢ ਕੇ ਹਮਲਾ ਕੀਤਾ।
ਪੁਲਿਸ ਨੇ ਉਸਨੂੰ ਫੜ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਪੂਰ ਨੇ ਕਿਹਾ ਕਿ ਨਿਰਾਸ਼ ਵਿਅਕਤੀ ਪਾਰਟੀ ਵਰਕਰ ਹੋ ਸਕਦਾ ਹੈ। ਰੇਖਾ ਗੁਪਤਾ 'ਤੇ ਲਗਪਗ 35 ਸਾਲ ਦੇ ਇੱਕ ਵਿਅਕਤੀ ਨੇ "ਹਮਲਾ" ਓਦੋ ਕੀਤਾ ਜਦ ਮੁੱਖ ਮੰਤਰੀ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। ਇਸ ਦੌਰਾਨ ਹਮਲਾਵਰ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਹੱਥੋਂ ਫੜ ਲਿਆ ਅਤੇ ਖਿੱਚਿਆ, ਜਿਸ ਕਾਰਨ ਉਹ ਮੇਜ਼ 'ਤੇ ਵੱਜੇ ਜਿਸ ਨਾਲ ਸਿਰ 'ਤੇ ਜ਼ਖਮ ਹੋਇਆ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਫੜ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।





