ਅਬੋਹਰ ਦੇ ਪਿੰਡ ਪੰਜਕੋਸੀ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਬੁੱਧਵਾਰ ਦੇਰ ਸ਼ਾਮ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਨੌਜਵਾਨ ਦੀ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਨੌਜਵਾਨ ਦੀ ਪਛਾਣ ਸ਼ਿਸ਼ਪਾਲ ਦਸਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਦੇ ਹੋਰ ਮੈਂਬਰ ਕੰਮ 'ਤੇ ਗਏ ਹੋਏ ਸਨ। ਸ਼ਿਸ਼ਪਾਲ ਨੇ ਘਰ ਵਿੱਚ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਜਦੋਂ ਤੱਕ ਲੋਕਾਂ ਨੂੰ ਪਤਾ ਲੱਗਾ, ਓਦੋ ਉਸਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੂੰ ਮੌਕੇ ਤੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ। ਜਿਸ ਵਿੱਚ ਸ਼ਿਸ਼ਪਾਲ ਨੇ ਲਿਖਿਆ ਕਿ ਲੋਕ ਉਸਨੂੰ ਉਸਦੇ ਲਿੰਗ ਅਤੇ ਜੀਵਨ ਸ਼ੈਲੀ ਬਾਰੇ ਤਾਅਨੇ ਮਾਰਦੇ ਸਨ। ਉਸਨੇ ਸਪੱਸ਼ਟ ਕੀਤਾ ਕਿ ਉਸਨੇ ਕੁਝ ਗਲਤ ਨਹੀਂ ਕੀਤਾ, ਫਿਰ ਵੀ ਲੋਕਾਂ ਨੇ ਉਸਨੂੰ ਦੋਸ਼ੀ ਠਹਿਰਾਇਆ। ਉਸਨੇ ਇਹ ਵੀ ਲਿਖਿਆ ਕਿ ਉਸਦੇ ਅੰਤਿਮ ਸੰਸਕਾਰ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਸ਼ਾਮਲ ਹੋਣਾ ਚਾਹੀਦਾ ਹੈ। ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੰਜੀਵ ਪੂਨੀਆ ਦੇ ਅਨੁਸਾਰ, ਸ਼ੀਸ਼ਪਾਲ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ, ਜਿਸ ਨੂੰ ਲੈਕੇ ਉਸ ਦੇ ਵਲੋਂ ਇਹ ਖੌਫਨਾਕ ਕਦਮ ਚੁਕਿਆ ਹੋਵੇ।





