ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਵੱਡੀ ਸਫਲਤਾ ਹਾਸਲ ਕੀਤੀ ਹੈ। ਕੰਟੋਨਮੈਂਟ ਥਾਣੇ ਦੀ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੌਰਾਨ ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਰੀ ਯੁੱਧ ਵਿੱਚ ਇਹ ਇੱਕ ਵੱਡੀ ਕਾਮਯਾਬੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਸ਼ਾ ਮਾਫੀਆ ਦਾ ਇਹ ਗਿਰੋਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਰਿਹਾ ਸੀ। ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿੱਚ ਨਵਪ੍ਰੀਤ ਅਤੇ ਸਚਿਨਪ੍ਰੀਤ ਦੋ ਭਰਾ ਹਨ, ਜਿਨ੍ਹਾਂ ਦਾ ਸੰਪਰਕ ਗੋਇੰਦਵਾਲ ਜੇਲ ਵਿੱਚ ਬੰਦ ਸੱਜਨਪ੍ਰੀਤ ਨਾਲ ਸੀ। ਸੱਜਨਪ੍ਰੀਤ ਕਮਰਸ਼ੀਅਲ ਮਾਤਰਾ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ, ਪਰ ਜੇਲ ਦੇ ਅੰਦਰੋਂ ਹੀ ਨੈਟਵਰਕ ਚਲਾ ਰਿਹਾ ਸੀ।
ਉਸਨੇ ਆਪਣੇ ਭਰਾਵਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਨਪ੍ਰੀਤ, ਲਾਲ ਅਤੇ ਹੋਰ ਸਾਥੀਆਂ ਨੂੰ ਦੋ ਮੋਟਰਸਾਈਕਲਾਂ ਸਮੇਤ ਨਾਕੇ ਦੌਰਾਨ ਫੜਿਆ। ਸ਼ੁਰੂਆਤੀ ਤੌਰ 'ਤੇ 220 ਗ੍ਰਾਮ ਹੈਰੋਇਨ ਬਰਾਮਦ ਹੋਈ, ਪਰ ਪੁੱਛਗਿੱਛ ਦੌਰਾਨ ਪੂਰੀ ਖੇਪ ਦਾ ਪਤਾ ਲੱਗਾ। ਕੁੱਲ ਮਿਲਾ ਕੇ 3 ਕਿਲੋ 32 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਇਸ ਗਿਰੋਹ ਦੇ ਫਾਇਨੈਂਸ਼ਲ ਐਂਗਲ ਦੀ ਜਾਂਚ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਵੱਡੀਆਂ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਪੁਲਿਸ ਦੀ ਇਹ ਕਾਰਵਾਈ ਨਸ਼ਾ ਤਸਕਰਾਂ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ ਅਤੇ ਇਸ ਨਾਲ ਸਰਹੱਦ ਪਾਰੋਂ ਆਉਂਦੇ ਨਸ਼ਿਆਂ ਦੇ ਵੱਡੇ ਮੋਡੀਅਲ ਦਾ ਪਰਦਾਫ਼ਾਸ਼ ਹੋਇਆ ਹੈ।





